ਪੰਜਾਬੀ ਮੁਹਾਵਰੇ ਅਤੇ ਅਖਾਣ

ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ

ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ

ਹਾਸੇ ਦਾ ਮੜਾਸਾ ਹੋ ਜਾਣਾ

ਕਈ ਵਾਰੀ ਹਾਸੇ ਹਾਸੇ ਵਿਚ ਮੂੰਹੋਂ ਅਜਿਹੀ ਗੱਲ ਨਿਕਲ ਜਾਂਦੀ ਹੈ ਜਿਸ ਕਰਕੇ ਬੇਸੁਆਦੀ ਜਾਂ ਲੜਾਈ ਹੋ ਜਾਂਦੀ ਹੈ।

ਕਰ ਮਜੂਰੀ ਖਾ ਚੂਰੀ

ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ

ਕੁੱਤੇ ਭੌਂਕਣ ਤਾਂ ਚੰਦ ਨੂੰ ਕੀ ?

ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।

ਖੁਦਾ ਨੇੜੇ ਕਿ ਘਸੁੰਨ ?

ਡਾਢੇ ਦਾ ਸੱਤੀਂ ਵੀਹੀਂ ਸੌ। ਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ

ਖੂਹ ਪੁੱਟਦੇ ਨੂੰ ਖਾਤਾ ਤਿਆਰ

ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿੰਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ

ਖੇਤੀ ਖਸਮਾਂ ਸੇਤੀ

ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।

ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ

ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ ।