ਪੰਜਾਬੀ ਮੁਹਾਵਰੇ ਅਤੇ ਅਖਾਣ

ਊਠ ਦੇ ਗਲ ਟੱਲੀ

ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ।

ਆਪਣੀ ਨਿਬੇੜ ਪਰਾਈ ਨਾ ਛੇੜ

ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ‘ਤੇ ਧਿਆਨ ਦੇਣ ਲਈ ਅਤੇ ਦੂਜੇ ਦੇ ਕੰਮ ‘ਚ ਦਖਲਅੰਦਾਜ਼ੀ ਕਰਨ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ।

ਆਪਣੀ ਪਈ ਤੇ ਪਰਾਈ ਬਿਸਰੀ

ਜਦੋਂ ਕਿਸੇ ਦੇ ਗਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਦੂਜੇ ਸਾਕ ਸੰਬੰਧੀਆਂ ਦੀ ਬੁਰਾਈ ਕਰਨ ਤੋਂ ਬਾਜ ਆ ਜਾਂਦਾ ਹੈ।

ਇਕ ਚੁੱਪ ਸੌ ਸੁੱਖ

ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।

ਇਕ ਪੰਥ ਦੋ ਕਾਜ

ਜਦੋਂ ਕੋਈ ਇੱਕ ਖ਼ਾਸ ਕੰਮ ਕੀਤਿਆਂ ਕੋਈ ਦੂਜਾ ਕੰਮ ਨਾਲ ਹੀ ਬਿਨਾਂ ਹੋਰ ਖੇਚਲ ਤੇ ਖਰਚ ਦੇ ਹੋ ਜਾਵੇ ।

ਇਕੋ ਆਂਡਾ ਉਹ ਵੀ ਗੰਦਾ

ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।

ਈਸਬਗੋਲ ਕੁਝ ਨਾ ਫੋਲ

ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱਚ ਨੁਕਸ ਤੇ ਬੁਰਾਈਆਂ ਦਿੱਸਣ ਲੱਗ ਪੈਂਦੀਆਂ ਹਨ ।

ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ

ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।