ਭੁੱਲਾ ਨਾ ਉਹ ਜਾਣੀਏਂ, ਜੇ ਮੁੜ ਘਰ ਆਵੇ
ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ
ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ ।
ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ
ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
ਭੈੜੀ ਗਾਂ ਦੇ ਭੈੜੇ ਵੱਛੇ
ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।
ਬਾਂਦਰ ਕੀ ਜਾਣੇ ਅਦਰਕ ਦਾ ਸੁਆਦ
ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸ਼ੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ
ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।
ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ
ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
ਭਰੇ ਘਰਾਂ ਦਾ ਕੁੱਤਾ ਭੁੱਖਾ
ਜਦੋਂ ਕੋਈ ਅਮੀਰ ਘਰ ਦਾ ਵਿਅਕਤੀ ਕੋਈ ਘਟੀਆ ਕੰਮ ਕਰੇ ਤਾਂ ਵਰਤਦੇ ਹਨ।
ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ
ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?
ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ
ਵਿਹਲੜ ਤੇ ਘਰ-ਉਜਾੜੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।