ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ
ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?
ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ
ਜਦ ਕਿਸੇ ਗਰੀਬ, ਥੁੜ੍ਹੇ ਹੋਏ ਬੰਦੇ ਨੂੰ ਕੋਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤੇ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ
ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ ।
ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕੜੀਆਂ
ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ।
ਭੁੱਲਾ ਨਾ ਉਹ ਜਾਣੀਏਂ, ਜੇ ਮੁੜ ਘਰ ਆਵੇ
ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ
ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।
ਭੈੜੇ ਭੈੜੇ ਯਾਰ ਮੇਰੀ ਫੱਤੋ ਦੇ
ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।
ਭੈੜੀ ਗਾਂ ਦੇ ਭੈੜੇ ਵੱਛੇ
ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।
ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ
ਵਿਹਲੜ ਤੇ ਘਰ-ਉਜਾੜੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।
ਮਨ ਹਰਾਮੀ ਤੇ ਹੁੱਜਤਾਂ ਢੇਰ
ਜਦ ਕੋਈ ਜਣਾ ਕੋਈ ਕੰਮ ਕਰਨਾ ਨਾ ਚਾਹੇ, ਤਾਂ ਉਹ ਕਈ ਬਹਾਨੇ ਘੜ ਲੈਂਦਾ ਹੈ।