ਭਰਾ ਭਰਾਵਾਂ ਦੇ, ਚਿੱਚੜ ਕਾਵਾਂ ਦੇ
ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।
ਬੂਰ ਦੇ ਲੱਡੂ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ
ਕੋਈ ਅਜਿਹੀ ਚੀਜ ਜੋ ਖਾਧੀ ਨਾ ਜਾ ਸਕੇ ਤੇ ਨਾ ਛੱਡੀ ਜਾ ਸਕੇ।
ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ
ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਪਸਿੰਦ ਕਰ ਦੇਣੀਆਂ ਠੀਕ ਨਹੀਂ।
ਬੁਰਾ ਹਾਲ ਤੇ ਬਾਂਕੇ ਦਿਹਾੜੇ
ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਦੋਂ ਵਰਤਦੇ ਹਨ।
ਬੇਕਾਰ ਨਾਲੋਂ ਵਗਾਰ ਚੰਗੀ
ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ।
ਭਰਾਵਾਂ ਨਾਲ ਬਾਹਵਾਂ
ਇਸ ਅਖ਼ਾਣ ਵਿਚ ਭਰਾਵਾਂ ਦੇ ਏਕੇ ਦਾ ਮਹੱਤਵ ਦਸਿਆ ਗਿਆ ਹੈ।
ਪੇਟ ਨਰਮ ਸਿਰ ਗਰਮ
ਚੰਗੀ ਸਿਹਤ ਦੀ ਨਿਸ਼ਾਨੀ ਦਾ ਸੰਕੇਤ।
ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ
ਮਾਂ ਅਤੇ ਭਰਾ ਦੀ ਮਹੱਤਤਾ ਦਾ ਸੰਕੇਤ ਹੈ।
ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ
ਪੈਸਾ ਬੋਝੇ ਵਿਚ ਤੇ ਵਿਦਿਆ ਯਾਦ ਹੋਵੇ ਤਾਂ ਹੀ ਚੰਗੇ ਹਨ।
ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ
ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।