ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
ਲੜਨ ਫ਼ੌਜਾਂ ਨਾਂ ਸਰਦਾਰਾਂ ਦਾ
ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਓਦੋਂ ਵਰਤਿਆ ਜਾਂਦਾ ਹੈ।
ਰੁਪਏ ਦੀ ਵਡਿਆਈ, ਆ ਬਹੁ ਭਾਈ
ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।
ਲੋਹੇ ਨੂੰ ਲੋਹਾ ਕੱਟਦਾ ਹੈ
ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ
ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ
ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬੜਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।
ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ
ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।
ਲੁੱਚਾ ਆਖੇ ਮੈਂ ਸਭ ਤੋਂ ਉੱਚਾ
ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਓਦੋਂ ਵਰਤਦੇ ਹਨ।
ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ (ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ)
ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।
ਲੈਣਾ ਇਕ ਨਾ ਦੇਣੇ ਦੋ
ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।