ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ
ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।
ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ
ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।
ਲਿਖੇ ਮੂਸਾ ਪੜ੍ਹੇ ਖੁਦਾ
ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ ।
ਲੁੱਚਾ ਆਖੇ ਮੈਂ ਸਭ ਤੋਂ ਉੱਚਾ
ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਓਦੋਂ ਵਰਤਦੇ ਹਨ।
ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼
ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ
ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬੜਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।
ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ?
ਜਿਹੜਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।
ਲੈਣਾ ਇਕ ਨਾ ਦੇਣੇ ਦੋ
ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।
ਲੋਹੇ ਨੂੰ ਲੋਹਾ ਕੱਟਦਾ ਹੈ
ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ ( ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ)
ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋੜ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।