ਕਰ ਪਰਾਈਆਂ ਤੇ ਆਉਣੀ ਜਾਈਆਂ
ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ, ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।
ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ
ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
ਕਰ ਮਜੂਰੀ ਖਾ ਚੂਰੀ
ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
ਕਰੇ ਕੋਈ ਭਰੇ ਕੋਈ
ਜਦੋ ਦੋਸ਼ੀ ਬੰਦੇ ਦੀ ਸਜ਼ਾ ਕਿਸੇ ਬੇਦੋਸ਼ ਨੂੰ ਭੁਗਤਣੀ ਪਵੇ।
ਕਲ੍ਹਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ
ਜਿੱਥੇ ਫੁੱਟ ਤੇ ਲੜਾਈ ਹੁੰਦੀ ਰਹੇ, ਉਹ ਟੱਬਰ, ਬਰਾਦਰੀ, ਕੌਮ ਸਦਾ ਤਬਾਹ ਹੁੰਦੀ ਹੈ।
ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ
ਕਿਸੇ ਖ਼ਸਤਾ ਚੀਜ਼ ਨੂੰ ਸ਼ਿੰਗਾਰਨ ਲਈ ਵਧੇਰੇ ਖਰਚ ਕਰਨ ਦੇ ਯਤਨ ਨੂੰ ਦੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।
ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾੜਛਾ
ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।
ਕੱਖਾਂ ਦੀ ਬੇੜੀ ਤੇ ਬਾਂਦਰ ਮੱਲਾਹ
ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ।
ਕੱਛ ਵਿਚ ਸੋਟਾ ਨਾਂ ਗ਼ਰੀਬ ਦਾਸ
ਨਾਂ ਦਾ ਕੰਮ ਦੇ ਉਲਟ ਹੋਣਾ ।
ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ
ਉਪਰੋਂ ਧਾਰਮਿਕ ਦਿਸਣਾ ਪਰ ਕੰਮ ਮਾੜੇ ਕਰਨੇ।