ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ ?
ਜਿਹੜਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ, ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ, ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ।
ਇਸ ਹੱਥ ਦੇ ਉਸ ਹੱਥ ਲੈ
ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ ।
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਇਸ਼ਕ ਵਿੱਚ ਆਦਮੀ ਤਬਾਹ ਹੋ ਜਾਂਦਾ ਹੈ ।
ਇਸ਼ਕ ਪ੍ਰਹੇਜ਼ ਮੁਹੰਮਦ ਬਖ਼ਸ਼ਾ ਕਦੇ ਨਹੀਂ ਰਲ ਬਹਿੰਦੇ
ਪਿਆਰ-ਮੁਹੱਬਤ ਵਿੱਚ ਸੰਗ-ਸੰਕੋਚ ਦਾ ਕੋਈ ਸਥਾਨ ਨਹੀਂ ਹੁੰਦਾ।
ਇਸ ਹਮਾਮ ਵਿਚ ਸਾਰੇ ਨੰਗੇ ਹਨ
ਇਸ ਸੰਸਥਾ ਜਾਂ ਸਮਾਜ ਦੇ ਸਾਰੇ ਲੋਕੀ ਹੀ ਭੈੜੇ ਹਨ ।
ਸਵਾਲ ਗੰਦਮ, ਜਵਾਬ ਚਣਾਂ (ਸਵਾਲ ਕਣਕ, ਜਵਾਬ ਛੋਲੇ)
ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇ ਦੇਣਾ ।
ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ
ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।
ਸੱਚ ਆਖਣਾ ਅੱਧੀ ਲੜਾਈ
ਸੱਚੀ ਗੱਲ ਹਮੇਸ਼ਾਂ ਕੌੜੀ ਲਗਦੀ ਆ, ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।
ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ
ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲੜ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
ਸੱਜਣਾਂ ਦੇ ਲਾਰੇ ਸਦਾ ਕਵਾਰੇ
ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।