ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ
ਕੋਈ ਕੰਮ ਕਰਨ ਲਗਿਆਂ ਕਿਸੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ।
ਸਵਾਲ ਗੰਦਮ, ਜਵਾਬ ਚਣਾਂ (ਸਵਾਲ ਕਣਕ, ਜਵਾਬ ਛੋਲੇ)
ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇ ਦੇਣਾ ।
ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ
ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।
ਸੱਚ ਆਖਣਾ ਅੱਧੀ ਲੜਾਈ
ਸੱਚੀ ਗੱਲ ਹਮੇਸ਼ਾਂ ਕੌੜੀ ਲਗਦੀ ਆ, ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।
ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ
ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲੜ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
ਸੱਜਣਾਂ ਦੇ ਲਾਰੇ ਸਦਾ ਕਵਾਰੇ
ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।
ਸੱਤ ਡਿੱਗਾ ਜਹਾਨ ਡਿੱਗਾ
ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।
ਆਲਿਆਂ ਭੋਲਿਆਂ ਦਾ ਰੱਬ ਰਾਖਾ
ਸਾਧਾਰਨ ਲੋਕ ਚੁਗਲੀ ਚਲਾਕੀ ਨਹੀਂ ਵਰਤਦੇ ਪ੍ਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੈ।
ਆਵਣ ਪਰਾਈਆਂ ਨਿਖੇੜਨ ਸਕਿਆਂ ਭਾਈਆਂ
ਵਿਆਹ ਤੋਂ ਬਾਅਦ ਭਰਾਵਾਂ ਵਿਚ ਜੇ ਫੁਟ ਪੈ ਜਾਵੇ ਤਾਂ ਇਸ ਦਾ ਕਾਰਨ ਬਾਹਰੋਂ ਆਈਆਂ ਵਹੁਟੀਆਂ ਦਾ ਕੰਨ ਭਰਨਾ ਸਮਝਿਆ ਜਾਂਦਾ ਹੈ।
ਆਂਡੇ ਹੋਰ ਘਰ, ਕੁੜ ਕੁੜ ਸਾਡੇ ਘਰ
ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।