ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ
ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵੇ।
ਮਾਂ ਕੁਚੱਜੀ ਪੁੱਤਰਾਂ ਕੱਜੀ
ਜਦੋਂ ਕਿਸੇ ਨਲਾਇਕ ਜਾਂ ਬੇਚੱਜੀ ਮਾਂ ਦੇ ਪੁੱਤਰ ਸਿਆਣੇ ਨਿਕਲ ਜਾਂਦੇ ਹਨ ਤੇ ਮਾਂ ਦਾ ਸਾਰਾ ਧੋਣ ਧੋ ਦੇਂਦੇ ਹਨ ਤਾਂ ਵਰਤਦੇ ਹਨ।
ਮਾਂ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ ਹੈ
ਹਰ ਮਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਮੰਦੇ ਗੁਣਾਂ ਦਾ ਪਤਾ ਹੁੰਦਾ ਹੈ।
ਰੱਸੀ ਸੜ ਗਈ ਪਰ ਵਲ ਨਾ ਗਿਆ
ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।
ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ
ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
ਰੱਜ ਨੂੰ ਚੱਜ
ਪੱਲੇ ਪੈਸੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖਰਚ ਕਰਨ ਦੀ ਜਾਚ ਆ ਜਾਂਦੀ ਹੈ।
ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ
ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ।
ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ
ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ
ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ
ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।