ਅੰਨ੍ਹੇ ਮਾਰਿਆ ਅੰਨ੍ਹੀ ਨੂੰ ਘਸੁੰਨ ਵੱਜਾ ਥੰਮ੍ਹੀ ਨੂੰ
ਜੇਕਰ ਨਾਤਜ਼ਰਬੇਕਾਰ ਬੰਦਾ ਕੰਮ ਕਰੇ ਤਾਂ ਨੁਕਸਾਨ ਹੋਣਾ ਸੰਭਵ ਹੈ।
ਆਪ ਤਾਂ ਕਿਸੇ ਜਿਹੀ ਨਾ, ਨੱਕ ਚਾੜ੍ਹਨੋ ਰਹੀ ਨਾ
ਆਪ ਤਾਂ ਭੈੜੇ ਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ ?
ਜਿਹੜਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?
ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ
ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈਣ ਦੇਣਾ।
ਅੰਨ੍ਹਾ ਵੰਡੇ ਸ਼ੀਰਨੀਂ, ਮੁੜ ਮੁੜ ਆਪਣਿਆਂ ਨੂੰ
ਆਪਣੇ ਸਕਿਆਂ ਸਹੋਦਰਿਆਂ ਨੂੰ ਹੀ ਘੜੀ ਮੁੜੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ।
ਆਪ ਨਾ ਜੋਗੀ, ਗੁਆਂਢ ਵਲਾਵੇ
ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ ਆਪਣਾ ਕੰਮ ਕਰਨਾ ਜੋਗੇ ਵੀ ਨਾਂ।
ਆਪਣਾ ਨੀਂਗਰ ਪਰਾਇਆ ਢੀਂਗਰ
ਹਰ ਕਿਸੇ ਨੂੰ ਆਪਣਾ ਸ਼ੈ ਚੰਗੀ ਲਗਦੀ ਹੈ ਤੇ ਪਰਾਈ ਮੰਦੀ ਤੇ ਨੁਕਸਾਂ ਭਰੀ ਦਿੱਸਦੀ ਹੈ।
ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾ ਬਸੰਤਰ
ਜਿਸ ਨੂੰ ਕੋਈ ਦੁੱਖ ਲਗਦਾ ਹੈ, ਪੀੜ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਐਵੇਂ ਹੀ ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰਦਾ ਹੈ ।
ਅੰਨ੍ਹਿਆਂ ‘ਚ ਕਾਣਾ ਰਾਜਾ
ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਵੀ ਕਦਰ ਪੈ ਜਾਂਦੀ ਹੈ ।
ਆਪ ਨਾ ਵੰਝੇ ਸਾਹੁਰੇ, ਹੋਰੀਂ (ਲੋਕਾਂ) ਮੱਤੀਂ ਦੇ
ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।