ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ
ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕੜ-ਖਾਂ ਬਣ ਬਹਿੰਦਾ ਹੈ ।
ਔਤਰ ਨਖੱਤਰ ਨਾ ਮੂਲੀ ਨਾ ਪੱਤਰ
ਸੰਤਾਨਹੀਣ ਮਨੁੱਖ ।
ਅੰਮਾਂ (ਮਾਂ) ਨਾਲੋਂ ਹੇਜਲੀ, ਸੋ ਫੱਫੇ ਕੁੱਟਣ
ਜਦੋਂ ਕੋਈ ਹੋਰ ਬੰਦਾ ਕਿਸੇ ਦੇ ਸਕਿਆਂ ਨਾਲੋਂ ਵਧੇਰੇ ਹਮਦਰਦ ਬਣਨ ਦਾ ਦਾਅਵਾ ਕਰੇ ।
ਆਪ ਵਲੱਲੀ ਵਿਹੜੇ ਨੂੰ ਦੋਸ਼
ਕਿਸੇ ਮਨੁੱਖ ਨੂੰ ਕੰਮ ਕਰਨ ਦਾ ਚੱਜ ਨਾ ਹੋਵੇ ਤੇ ਉਹ ਆਪਣੇ ਦੋਸ਼ ਕਿਸੇ ਹੋਰ ਤੇ ਮੜ੍ਹ ਦੇਵੇ।
ਆਪਣੀ ਨਿਬੇੜ ਪਰਾਈ ਨਾ ਛੇੜ
ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ‘ਤੇ ਧਿਆਨ ਦੇਣ ਲਈ ਅਤੇ ਦੂਜੇ ਦੇ ਕੰਮ ‘ਚ ਦਖਲਅੰਦਾਜ਼ੀ ਕਰਨ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ।
ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ
ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ।
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ (ਗੁਰੂ ਨਾਨਕ ਦੇਵ ਜੀ)
ਆਪਣਾ ਕੰਮ ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।
ਆਪਣੀ ਪਈ ਤੇ ਪਰਾਈ ਬਿਸਰੀ
ਜਦੋਂ ਕਿਸੇ ਦੇ ਗਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਦੂਜੇ ਸਾਕ ਸੰਬੰਧੀਆਂ ਦੀ ਬੁਰਾਈ ਕਰਨ ਤੋਂ ਬਾਜ ਆ ਜਾਂਦਾ ਹੈ।
ਆਸਾ ਜੀਵੇ, ਨਿਰਾਸਾ ਮਰੇ
ਦੁਨੀਆਂ ਆਸ ਦੇ ਸਹਾਰੇ ਹੀ ਚਲ ਰਹੀ ਹੈ।
ਆਪਣਾ ਆਪਣਾ ਪਰਾਇਆ ਪਰਾਇਆ
ਖ਼ੂਨ ਦੇ ਰਿਸ਼ਤੇ ਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਦਾ ਸੰਕੇਤ ਹੈ।