ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ, ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ
ਅਮੀਰ ਦੇ ਥੋੜ੍ਹੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ
ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ
ਗ਼ਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।
ਅੱਡ ਖਾਏ ਸੋ ਡੱਡ (ਹੱਡ) ਖਾਏ, ਵੰਡ ਖਾਏ ਸੋ ਖੰਡ ਖਾਏ
ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ
ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
ਅੱਖਰ ਇਕ ਨਾ ਜਾਣਦਾ ਨਾਂ ਇਲਮਦੀਨ
ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪਰ ਅਸਲ ਵਿਚ ਤੇ ਕਰਤੂਤਾਂ ਵਿਚ ਮਾੜਾ ਹੋਵੇ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।
ਅੱਖੀਉਂ ਦੂਰ ਤਾਂ ਦਿਲੋਂ ਦੂਰ
ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।
ਅੰਨ੍ਹਾ ਅੰਨ੍ਹੇ ਨੂੰ ਕੀ ਰਾਹ ਦਸੇਗਾ
ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।