ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ
ਉਹ ਵਿਅਕਤੀ ਹੀ ਚੰਗਾ ਹੈ ਜਿਹੜਾ ਤੁਰਨ ਫਿਰਨ ਤੇ ਕੰਮ ਕਾਰ ਕਰਨ ਦੇ ਯੋਗ ਹੋਵੇ।
ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ ?
ਜਦ ਕੋਈ ਮੁਸ਼ਕਿਲ ਜੁੰਮੇਵਾਰੀ ਚੁੱਕ ਲਈ ਜਾਵੇ ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।
ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ
ਜੇਕਰ ਕੋਈ ਹੰਕਾਰ ਵੱਸ ਹੋ ਕੇ ਕੋਈ ਗੱਲ ਕਰਦਾ ਹੈ, ਤਾਂ ਉਸ ਨੂੰ ਹੰਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ
ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾੜਾ ।
ਉੱਚੀ ਦੁਕਾਨ ਫਿੱਕਾ ਪਕਵਾਨ
ਕਿਸੇ ਦਾ ਨਾਂ ਬਹੁਤਾ ਹੋਣਾ, ਪਰ ਵਾਹ ਪੈਣ ਤੇ ਉਸ ਦਾ ਮਾੜਾ ਸਿੱਧ ਹੋਣਾ ।
ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ
ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।
ਉੱਤੋਂ ਝੜਿਆ ਸੰਭਲੇ ਪਰ ਨਜ਼ਰੋਂ ਝੜਿਆ ਨਾ ਸੰਭਲੇ
ਕਿਸੇ ਵੀ ਕਾਰੋਬਾਰ ਵਿਚ ਅਸਫ਼ਲ ਹੋਇਆ ਬੰਦਾ ਮੁੜ ਪੈਰਾਂ ‘ਤੇ ਖੜ੍ਹਾ ਹੋ ਸਕਦਾ ਹੈ ਪਰ ਕਿਸੇ ਦੀਆਂ ਨਜ਼ਰਾਂ ਵਿਚ ਡਿਗਿਆ ਹੋਇਆ ਬੰਦਾ ਮੁੜਕੇ ਆਪਣਾ ਸਤਿਕਾਰ ਨਹੀਂ ਪਾ ਸਕਦਾ।
ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ
ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਮਾਲਿਕ ਬਣ ਬਹੇ ।
ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ
ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ, ਪਰ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਨ।
ਉਜੜੇ ਪਿੰਡ ਭੜੋਲਾ ਮਹਿਲ
ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾੜੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।