ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ
ਜਿਵੇਂ ਪੱਖਾ ਝੱਲ ਕੇ ਹਵਾ ਦਾ ਸੁਖ ਲੈ ਲਈਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ ।
ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ
ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ।
ਉਂਗਲੀ ਫੜ ਤੇ ਪਹੁੰਚਾ ਫੜਾ
ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।
ਉਠਿਆ ਜਾਵੇ ਨਾ, ਫਿੱਟੇ ਮੂੰਹ ਗੋਡਿਆਂ ਦੇ
ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ ।
ਊਠ ਅੜਾਉਂਦੇ ਹੀ ਲੱਦੀਦੇ ਹਨ
ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ ।
ਉਤਾਵਲਾ ਸੋ ਬਾਵਲਾ
ਕਾਹਲਾ ਪੈਣ ਨਾਲ, ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ ।
ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ?
ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ
ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੈ।
ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀ ਖਲੀ
ਹਰ ਥਾਂ ਖੜਪੈਂਚ/ਚੌਧਰੀ ਬਣਿਆ ਰਹਿਣ ਵਾਲਾ ਆਦਮੀ।
ਉਹ ਜ਼ਮੀਨ ਰਾਣੀ ਜਿਸ ਦੇ ਸਿਰ ‘ਤੇ ਪਾਣੀ
ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਹ ਉਪਜਾਊ ਹੁੰਦੀ ਹੈ ।