ਕੁੱਬੇ ਦੇ ਲੱਤ ਰਾਸ ਆਉਣੀ
ਜਦੋਂ ਆਪਣੇ ਵਲੋਂ ਕਿਸੇ ਦਾ ਨੁਕਸਾਨ ਕੀਤਾ ਜਾਵੇ ਪਰ ਉਸਨੂੰ ਲਾਭ ਹੋ ਜਾਵੇ।
ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ
ਗ਼ਰੀਬ ਤੇ ਸ਼ਰੀਫ਼ ਨੂੰ ਹਰ ਕੋਈ ਦਬਾਣ ਦੀ ਕੋਸ਼ਿਸ਼ ਕਰਦਾ ਹੈ।
ਕੂੜ ਨਿਖੁਟੇ ਨਾਨਕਾ, ਓੜਕ ਸਚ ਰਹੀ (ਗੁਰੂ ਨਾਨਕ ਦੇਵ ਜੀ)
ਅੰਤ ਸੱਚ ਦੀ ਹੀ ਜਿੱਤ ਹੁੰਦੀ ਹੈ, ਤੇ ਝੂਠੇ ਮਾਤ ਖਾ ਜਾਂਦੇ ਹਨ ।
ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
ਆਪਣੇ ਵਿਚ ਮਸਤ ਰਹਿਣ ਵਾਲੇ ਜਾਂ ਮਤਲਬ ਪ੍ਰਸਤ ਲਈ ਵਰਤਿਆ ਜਾਂਦਾ ਹੈ।
ਕੋਹ ਨਾ ਤੁਰੀ, ਬਾਬਾ ਤਿਹਾਈ
ਜਿਹੜਾ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ, ਸਾਹ ਲੈ ਲੈਣ ਦਿਓ, ਉਸ ਤੇ ਢੁਕਾਉਂਦੇ ਹਨ।
ਕੋਠਾ ਉੱਸਰਿਆ, ਤਰਖਾਣ ਵਿੱਸਰਿਆ
ਜਦ ਕਿਸੇ ਗੋਚਰਾ ਕੰਮ ਪੂਰਾ ਹੋ ਜਾਵੇ ਤੇ ਉਹਦੀ ਲੋੜ ਨਾ ਰਹਿ ਜਾਵੇ, ਤਾਂ ਉਹਦੀ ਕੋਈ ਪਰਵਾਹ ਨਹੀਂ ਕਰਦਾ।
ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ
ਬੁਰੇ ਕੰਮ ਦੇ ਹਿੱਸੇਦਾਰ ਬਣਨ ਨਾਲ ਬਦਨਾਮੀ ਹੀ ਮਿਲੇਗੀ।
ਕੌਣ ਕਹੇ ਰਾਣੀਏ ਅੱਗਾ ਢਕ
ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।
ਕੱਛ ਵਿਚ ਸੋਟਾ ਨਾਂ ਗ਼ਰੀਬ ਦਾਸ
ਨਾਂ ਦਾ ਕੰਮ ਦੇ ਉਲਟ ਹੋਣਾ ।
ਕਾਣਿਆਂ ਦੀ ਇਕ ਰਗ ਜ਼ਿਆਦਾ ਹੁੰਦੀ ਹੈ
ਆਮ ਤੌਰ ਤੇ ਕਿਸੇ ਅੰਗਹੀਣ ਵਿਅਕਤੀ ਨੂੰ ਰੱਬ ਕੋਈ ਹੋਰ ਨਿਆਮਤ ਦੇ ਦਿੰਦਾ ਹੈ।