ਕੰਧ ਨੂੰ ਵੀ ਕੰਨ ਹੁੰਦੇ ਹਨ
ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।
ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ
ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ
ਫੜ੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ।
ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ
ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉਸੇ ਉੱਠ ਚੱਲੀ ਵਾਲੀ ਗੱਲ ਕਰਦਾ ਹੈ ।
ਕੀਤੀ ਕਰਾਈ ਖੂਹ ਵਿਚ ਪਾਈ
ਜਦੋਂ ਕਿਸੇ ਚੰਗੇ ਮਨੁੱਖ ਕੋਲੋਂ ਮਾੜਾ ਕੰਮ ਹੋ ਜਾਵੇ ਤਾਂ ਇਸ ਨੂੰ ਵਰਤਦੇ ਹਨ।
ਕਰ ਪਰਾਈਆਂ ਤੇ ਆਉਣੀ ਜਾਈਆਂ
ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ, ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।
ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ
ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ
ਜਦੋਂ ਕਿਸੇ ਦੇ ਦਿਨ ਭੈੜੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ।
ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ
ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ਼ ਦਾ
ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ, ਸ਼ਬਦ ਨਾ ਸਲੋਕ, ਬਾਬਾ ਟਿੱਕੀਆਂ ਦਾ ਠੋਕ।