ਕੁੜਮ ਵਿਗੁੱਤਾ ਚੰਗਾ, ਗੁਆਂਢ ਵਿਗੁਤਾ ਮੰਦਾ
ਸੰਬੰਧੀਆਂ ਨਾਲ ਵਿਗਾੜ ਤਾਂ ਕਦੀ ਕਦੀ ਦੁਖੀ ਕਰਦਾ ਹੈ। ਪਰੰਤੂ ਗੁਆਂਢ ਨਾਲ ਸਦਾ ਹੀ ।
ਕਰ ਮਜੂਰੀ ਖਾ ਚੂਰੀ
ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ
ਜਦੋਂ ਇਹ ਦੱਸਣਾ ਹੋਵੇ ਕਿ ਚਮੜੀ ਦੀ ਸੁੰਦਰਤਾ ਨਾਲੋ ਕੰਮ ਵਧੇਰੇ ਚੰਗਾ ਮੰਨਿਆ ਜਾਂਦਾ ਹੈ।
ਕੁੱਕੜ ਖੇਹ ਉਡਾਈ, ਆਪਣੇ ਹੀ ਸਿਰ ਪਾਈ
ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ।
ਕਰੇ ਕੋਈ ਭਰੇ ਕੋਈ
ਜਦੋ ਦੋਸ਼ੀ ਬੰਦੇ ਦੀ ਸਜ਼ਾ ਕਿਸੇ ਬੇਦੋਸ਼ ਨੂੰ ਭੁਗਤਣੀ ਪਵੇ।
ਕਾਹਲੀ ਅੱਗੇ ਟੋਏ ਹੀ ਟੋਏ
ਕਾਹਲੀ ਤੇ ਜਲਦੀ ਜਲਦੀ ਵਿਚ ਕੀਤਾ ਕੰਮ ਹਮੇਸ਼ਾਂ ਖ਼ਰਾਬ ਹੋ ਜਾਂਦਾ ਹੈ।
ਕੁੱਛੜ ਕੁੜੀ ਸ਼ਹਿਰ ਢੰਡੋਰਾ
ਜਦੋਂ ਕੋਈ ਕਿਸੇ ਕੋਲ ਪਈ ਚੀਜ਼ ਨੂੰ ਲਭਦਾ ਫਿਰੇ ਤਾਂ ਵਰਤਿਆ ਜਾਂਦਾ ਹੈ।
ਕਲ੍ਹਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ
ਜਿੱਥੇ ਫੁੱਟ ਤੇ ਲੜਾਈ ਹੁੰਦੀ ਰਹੇ, ਉਹ ਟੱਬਰ, ਬਰਾਦਰੀ, ਕੌਮ ਸਦਾ ਤਬਾਹ ਹੁੰਦੀ ਹੈ।
ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ
ਕਾਹਲੀ ਵਿਚ ਕੀਤਾ ਹੋਇਆ ਕੰਮ ਕਦੇ ਸੂਤ ਨਹੀਂ ਬਹਿੰਦਾ।
ਕੁੱਤਾ ਭੌਂਕਦਾ ਕਾਰਖਾਨਾ ਚੱਲਦਾ
ਚੰਗੇ ਆਦਮੀ ਦੀ ਨਿੰਦਾ-ਚੁਗਲੀ ਕਰਨ ਨਾਲ ਚੰਗੇ ਬੰਦੇ ਦੀ ਚੰਗਿਆਈ ਵਿਚ ਕੋਈ ਫ਼ਰਕ ਨਹੀਂ ਪੈਂਦਾ।