ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ
ਕਿਸੇ ਖ਼ਸਤਾ ਚੀਜ਼ ਨੂੰ ਸ਼ਿੰਗਾਰਨ ਲਈ ਵਧੇਰੇ ਖਰਚ ਕਰਨ ਦੇ ਯਤਨ ਨੂੰ ਦੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।
ਕਾਗ਼ਜ਼ਾਂ ਦੇ ਘੋੜੇ ਕਦ ਤਕ ਦੌੜੇ
ਕਮਜ਼ੋਰ ਆਦਮੀ ਬਹੁਤੀ ਦੇਰ ਮਿਹਨਤ ਨਹੀਂ ਕਰ ਸਕਦਾ।
ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੈ
ਜੇ ਮਮੂਲੀ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।
ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾੜਛਾ
ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।
ਕਾਠ ਦੀ ਹਾਂਡੀ ਇੱਕੋ ਵੇਰ ਚੜ੍ਹਦੀ ਹੈ
ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ, ਪਾਜ ਉੱਖੜ ਹੀ ਜਾਂਦਾ ਹੈ।
ਕੁੱਤਾ ਰੋਟੀ ਲੈ ਗਿਆ ਭਗਵਾਨ ਤੇਰੇ ਲੇਖੇ
ਕੰਜੂਸ ਦਾ ਨੁਕਸਾਨ ਹੋ ਜਾਵੇ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ ।
ਕੱਖਾਂ ਦੀ ਬੇੜੀ ਤੇ ਬਾਂਦਰ ਮੱਲਾਹ
ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ।
ਕਾਠ ਦੀ ਬਿੱਲੀ, ਮਿਆਊਂ ਕੌਣ ਕਰੇ
ਜਦੋਂ ਕੋਈ ਕਮਜ਼ੋਰ ਬੰਦਾ ਕਿਸੇ ਵੱਡੇ ਕੰਮ ਵਿਚ ਅੱਗੇ ਹੋ ਜਾਵੇ, ਪਰ ਸਫਲਤਾ ਲਈ ਕੋਈ ਕਾਰਵਾਈ ਨਾ ਕਰ ਸਕੇ ।
ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ
ਇਹ ਅਖਾਣ ਸਫਾਈ ਦੀ ਸਿਖਿਆ ਦੇਣ ਲਈ ਵਰਤੀ ਜਾਂਦੀ ਹੈ।
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ
ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆਂ ਚੁੱਕਣ ਲੱਗ ਪੈਣਾ।