ਘਰੋਂ ਚੂਹੇ ਰੁਸ ਰੁਸ ਜਾਂਦੇ ਬਾਹਰ ਖੜਪੈਂਚ
ਜਿਸ ਦੀ ਘਰ ਵਿਚ ਕੋਈ ਨਾ ਮੰਨਦਾ ਹੋਵੇ ਪਰ ਬਾਹਰ ਲੋਕਾਂ ਨੂੰ ਸਿਖਿਆ ਦੇਂਦਾ ਫਿਰੇ।
ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ
ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ।
ਘੜੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ
ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ।
ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ
ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ।
ਘਿਓੁ ਡੁੱਲ੍ਹਾ ਥਾਲ, ਨਾ ਮਿਹਣਾ ਨਾ ਗਾਲ
ਜਦੋਂ ਕਿਸੇ ਚੀਜ ਦਾ ਨੁਕਸਾਨ ਹੁੰਦਾ ਤਾਂ ਦਿਸੇ, ਪਰ ਅਸਲ ਵਿਚ ਨੁਕਸਾਨ ਨਾ ਹੋਇਆ ਹੋਵੇ।
ਘਿਉ ਵਿਚ ਰੰਬਾ ਬੜਾ ਅਚੰਭਾ
ਕਿਸੇ ਸ਼ੈ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਉਤੇ ਘਟਾਉਂਦੇ ਹਨ।
ਘਰ ਦਾ ਭੇਤੀ ਲੰਕਾ ਢਾਏ
ਘਰ ਦਾ ਭੇਤੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ।
ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ
ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ।
ਘਰ ਦੀ ਅੱਧੀ, ਬਾਹਰ ਦੀ ਪੂਰੀ ਕੋਲੋਂ ਚੰਗੀ
ਘਰ ਦੀ ਥੋੜ੍ਹੀ ਚੀਜ਼ ਵੀ ਬਾਹਰੋਂ ਮੰਗੀ ਚੀਜ਼ ਤੋਂ ਚੰਗੀ ਹੁੰਦੀ ਹੈ।
ਘੋੜਾ ਘਾਹ ਨਾਲ ਯਾਰੀ ਲਾਵੇਗਾ ਤਾਂ ਕੀ ਖਾਵੇਗਾ
ਆਪਣੇ ਪੇਟ ਦੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਦੀਆਂ ਹਨ।