ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ
ਜਿਹੜਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ।
ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ
ਕਿਸੇ ਦੀ ਚੰਗੀ ਤੇ ਸ਼ੁਭ ਗੱਲ ਲੋਕਾਂ ਨੂੰ ਪਤਾ ਲੱਗ ਹੀ ਜਾਂਦੀ ਹੈ ।
ਚੋਰੀ ਤੇ ਉੱਤੋਂ ਸੀਨਾ ਜ਼ੋਰੀ
ਜਦੋਂ ਕੋਈ ਗ਼ਲਤੀ ਕਰਨ ਤੋਂ ਬਾਅਦ ਆਕੜ ਦਿਖਾਵੇ ਤਾਂ ਵਰਤਦੇ ਹਨ।
ਚਾਚਾ ਅਖਿਆਂ ਪੰਡ ਕੋਈ ਨਹੀਂ ਚੁੱਕਦਾ
ਜਦੋਂ ਇਹ ਦੱਸਣਾ ਹੋਵੇ ਕਿ ਕੇਵਲ ਮਿੰਨਤ ਨਾਲ ਕੋਈਂ ਕੰਮ ਨਹੀਂ ਚਲਦਾ ।
ਚੋਰੀ ਦੇ ਕੱਪੜੇ ਡਾਂਗਾਂ ਦੇ ਗਜ਼
ਹਰਾਮ ਦੀ ਕਮਾਈ ਭੰਗ ਦੇ ਭਾੜੇ ਜਾਂਦੀ ਹੈ।
ਚਾਦਰ ਤੋਂ ਬਾਹਰ ਪੈਰ ਕੱਢਣੇ
ਆਮਦਨ ਤੋਂ ਵੱਧ ਖ਼ਰਚ ਕਰਨਾ।
ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ
ਚੋਰੀ ਚੋਰੀ ਹੀ ਹੈ, ਮਾੜਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।
ਚਾਦਰ ਵੇਖ ਕੇ ਪੈਰ ਪਸਾਰਨੇ
ਆਮਦਨ ਅਨੁਸਾਰ ਖ਼ਰਚ ਕਰਨਾ।
ਚਾਰ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ
ਦੁਨੀਆ ਵਿਚ ਸੁਖ ਥੋੜ੍ਹਾ ਹੈ ਤੇ ਦੁੱਖ ਬਹੁਤਾ। ਥੋੜ੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।