ਜਿੰਨਾ ਫਲ ਉਨਾ ਝੁਕੇ ਰੁੱਖ
ਜਿੰਨਾ ਕੋਈ ਗੁਣਵਾਨ ਹੁੰਦਾ ਹੈ, ਉਨਾਂ ਹੀ ਨਿਮਰਤਾ ਵਾਲਾ ਹੁੰਦਾ ਹੈ।
ਜਿਹੀ ਕਰਨੀ ਤਿਹੀ ਭਰਨੀ
ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।
ਜਿੰਨੇ ਮੂੰਹ ਉੱਨੀਆਂ ਗੱਲਾਂ
ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ ।
ਜਿਹੀ ਚੋਰਾਂ ਖੜੀ, ਤਿਹੀ ਕਿੱਲੇ ਬੱਧੀ
ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ
ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ।
ਜਿਹੇ ਲਾਲ ਘਰ ਰਹੇ, ਤਿਹੇ ਗਏ ਪਰਦੇਸ
ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜੂਠਾ ਖਾਈਦਾ ਹੈ ਮਿੱਠੇ ਦੇ ਤਾਣ
ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ।
ਜੱਟ ਤੇ ਸੂਰ ਬਰਾਬਰ ਜੱਟ ਤੋਲਾ ਭਾਰਾ, ਸੂਰ ਖੁੱਟੇ ਮਰਲਾ ਜੱਟ ਵਿਘਾ ਸਾਰਾ
ਇਸ ਆਖਾਣ ਵਿਚ ਜੱਟ ਨੂੰ ਸੂਰ ਨਾਲੋਂ ਵੀ ਵਧੇਰਾ ਅੱਖੜ ਦੱਸਿਆ ਗਿਆ ਹੈ ਕਿਉਂਕਿ ਜੱਟ ਆਈ ਤੇ ਆਇਆ ਹੋਇਆ ਬੁਰਾ ਹੁੰਦਾ ਹੈ।
ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ
ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ।
ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ
ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।