ਜਿਸ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ
ਜਿਹੜੇ ਬੰਦੇ ਕੋਈ ਵੀ ਕੰਮ ਕਰਨ ਵਿਚ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।
ਜੱਟ ਕੀ ਜਾਣੇ ਲੌਗਾਂ ਦਾ ਭਾਅ
ਇਸ ਆਖਾਣ ਵਿਚ ਜੱਟ ਦਾ ਭੋਲਾਪਣ ਦਰਸਾਇਆ ਗਿਆ ਹੈ। ਜੱਟ ਦਾ ਰੋਜ਼ ਦਾ ਵਾਹ ਕਣਕ ਨਾਲ ਹੈ, ਲੌਗਾਂ ਬਾਰੇ ਉਹ ਕੀ ਜਾਣੇ?
ਜੱਟ ਵਿਗਾੜੇ ਮੁਰਸ਼ਦ ਨਾਲ, ਜਾਂ ਬੋਲੇ ਤਾਂ ਕੱਢੇ ਗਾਲ
ਇਸ ਅਖਾਣ ਵਿਚ ਜੱਟ ਦੇ ਕਸੂਤਾ ਹੋਣ ਵਲ ਸੰਕੇਤ ਹੈ। ਜਦੋਂ ਜੱਟ ਪੁੱਠਾ ਹੋ ਜਾਏ ਤਾਂ ਕਿਸੇ ਪੀਰ ਮੁਰਸ਼ਦ ਦੀ ਵੀ ਪਰਵਾਹ ਨਹੀਂ ਕਰਦਾ ਤੇ ਗਾਲ੍ਹ ਤੋਂ ਬਿਨਾਂ ਕਿਸੇ ਨਾਲ ਬੋਲਦਾ ਨਹੀਂ।
ਜਿਸ ਤਨ ਲੱਗੇ ਸੋ ਤਨ ਜਾਣੇ
ਆਪਣੀ ਤਕਲੀਫ਼ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ।
ਜੱਟ ਗੰਨਾ ਨਹੀਂ ਦੇਂਦਾ, (ਗੁੜ ਦੀ) ਭੇਲੀ ਦੇ ਦੇਂਦਾ ਹੈ
ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਵਲ ਇਸ਼ਾਰਾ ਹੈ। ਜਿਹੜਾ ਬੰਦਾ ਮੰਗਣ ਤੇ ਥੋੜ੍ਹੀ ਜਿੰਨੀ ਚੀਜ਼ ਵੀ ਨਾ ਦੇਵੇ ਤੇ ਰੌਂ ਵਿਚ ਆਇਆ ਉਸ ਤੋਂ ਕਈ ਗੁਣਾਂ ਵਧ ਦੇਵੇ, ਉਸ ਸੰਬੰਧੀ ਕਹਿੰਦੇ ਹਨ।
ਜੱਟਾ ਤੇਰੇ ਨਾਲ ਬੁਰੀ ਹੋਈ, ਬਾਹਰ ਤਾਂ ਤੇਰੇ ਛੋਲੇ ਭਿਜ ਗਏ, ਘਰ ਆਇਉਂ ਤਾਂ ਕੁੜੀ ਹੋਈ
ਜੱਟ ਦੇ ਘਰ ਪੁੱਤਰ ਜੰਮਣ ਦੀ ਬੜੀ ਖ਼ੁਸ਼ੀ ਹੁੰਦੀ ਹੈ ਕਿਉਂ ਜੋ ਪੁੱਤਰ ਬਾਂਹ ਬਣ ਕੇ ਭਾਰ ਵੰਡਾਉਂਦੇ ਹਨ। ਜਦੋਂ ਬਾਹਰ ਤਾਂ ਉਸ ਦੇ ਛੋਲੇ ਭਿੱਜ ਜਾਣ ਨਾਲ ਨੁਕਸਾਨ ਹੋ ਜਾਏ ਤੇ ਘਰ ਆਉਣ ਤੇ ਕੁੜੀ ਜੰਮਣ ਦੀ ਖ਼ਬਰ ਮਿਲੇ ਤਾਂ ਜੱਟ ਨਾਲ ਆਪ ਬੁਰੀ ਹੋਣੀ ਹੋਈ।
ਜਿਸਦਾ ਖਾਈਏ ਉਸੇ ਦੇ ਗੁਣ ਗਾਈਏ
ਜਿਸ ਤੋਂ ਲਾਭ ਪ੍ਰਾਪਤ ਹੋਵੇ ਉਸਦੀ ਹੀ ਵਡਿਆਈ ਕਰੀਏ।
ਜੱਟ ਜੱਟਾਂ ਦੇ, ਭੋਲੂ ਨਰੈਣ ਦਾ
ਜਦ ਕੋਈ ਬੰਦਾ ਵਿੱਛੜ ਕੇ ਵੀ ਆਪਣਿਆ ਵਿਚ ਹੀ ਆ ਮਿਲੇ, ਉਦੋਂ ਕਹਿੰਦੇ ਹਨ।
ਜੱਟਾਂ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ
ਜਦੋਂ ਕਿਸੇ ਮਾਮੂਲੀ ਜਿਹੇ ਆਦਮੀ ਪਾਸੋਂ ਵੱਡੀ ਸਾਰੀ ਸਹਾਇਤਾ ਦੀ ਆਸ ਪੂਰੀ ਨਾ ਹੋਵੇ ਉਦੋਂ ਕਹਿੰਦੇ ਹਨ।
ਜਿਸਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ
ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਹੁੰਦੀ ਹੈ।