ਟੁੱਟੇ ਰਾਸ ਨਾ ਆਉਂਦੇ ਗੰਢ ਗੰਢੀਲੇ ਹੋਏ
ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀ। ਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲੜ-ਝਗੜ ਪੈਣ ਤੇ ਇਕ ਵੇਰ ਵਿਗੜ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਗੂੜ੍ਹਾ ਪ੍ਰੇਮ ਮੁੜ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ।
ਟਕੇ ਸਹਿਆ ਮਹਿੰਗਾ, ਤੇ ਰੁਪੱਏ ਸਹਿਆ ਸਸਤਾ
ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦਾ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।
ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ
ਥੋੜ੍ਹੇ ਨੁਕਸਾਨ ਨਾਲ ਕਿਸੇ ਬੰਦੇ ਦੇ ਘਟੀਆ ਸੁਭਾਅ ਦਾ ਪਤਾ ਲੱਗ ਜਾਣਾ।
ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ
ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋੜਾ ਨਹੀਂ ਬਣ ਸਕਦਾ। ਭੈੜੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਉਹ ਬਦਲਦਾ ਨਹੀਂ।
ਟੱਟੂ ਭਾੜੇ ਕਰਨਾ ਹੈ, ਤਾਂ ਕੁੜਮਾਂ ਦਾ ਹੀ ਕਰਨਾ ਹੈ ?
ਜਦ ਕੋਈ ਸ਼ੈ ਪੈਸੇ ਦੇ ਕੇ ਹੀ ਲੈਣੀ ਹੈ, ਤਾਂ ਸਾਕ ਸੰਬੰਧੀ ਜਾਂ ਮਿੱਤਰਾਂ ਪਾਸੋਂ ਲੈ ਕੇ ਵਾਧੂ ਅਹਿਸਾਨ ਕਿਉਂ ਝੱਲੀਏ ?
ਟੱਬਰ ਭੁੱਖਾ ਮਰੇ ਤੇ ਆਪ ਸੈਰਾਂ ਕਰੇ
ਜਦੋਂ ਕਿਸੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਐਸ਼ ਕਰਦਾ ਫਿਰੇ।
ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ
ਘਟੀਆ ਚੀਜ ਦੀ ਸਜਾਵਟ ਉੱਤੇ ਬਹੁਤ ਖ਼ਰਚ ਕਰਨਾ।
ਟਿੰਡ ਦਾਣੇ, ਘਰਾਟੀਂ ਸਾਈਆਂ
ਚੀਜ਼ ਥੋੜ੍ਹੀ ਹੋਣੀ ਢੰਡੋਰਾ ਬਹੁਤਾ ਪਿੱਟਣਾ।
ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ
ਮਮੂਲੀ ਸੌਖਾ ਕੰਮ ਕਰਨਾ ਜੋਗੇ ਨਾ ਹੋਣਾ ਤੇ ਹੱਥ ਪਾਉਣਾ ਵੱਡੇ ਵੱਡੇ ਕੰਮ ਨੂੰ।
ਟੁੱਟੀਆ ਬਾਂਹਾਂ ਗਲ ਨੂੰ ਆਉਂਦੀਆ ਨੇ
ਆਖਰ ਨੂੰ ਆਪਣੇ ਹੀ ਆਪਣੇ ਹੁੰਦੇ ਹਨ।