ਢੱਕੀ ਰਿੱਝੇ ਕੋਈ ਨਾ ਬੁੱਝੇ
ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਣੇ-ਫਲਾਣੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪੜਦੇ ਅੰਦਰ ਲੜਦੇ ਝਗੜਦੇ ਰਹਿੰਦੇ ਹਨ, ਤਾਂ ਕਹਿੰਦੇ ਹਨ।
ਢੱਗਿਆ ਤੈਨੂੰ ਚੋਰ ਲੈ ਜਾਣ ਅਖੇ ਯਾਰਾਂ ਪੱਠੇ ਹੀ ਖਾਣੇ ਨੇ
ਜਦੋਂ ਕਿਸੇ ਨੂੰ ਕੋਈ ਵੀ ਮੰਦਹਾਲੀ ਤੰਗ ਕਰੇ, ਉਦੋ ਕਹਿੰਦੇ ਹਨ।
ਢੱਗੀ ਨਾ ਵੱਛੀ, ਤੇ ਨੀਂਦ ਆਵੇ ਹੱਛੀ
ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੌਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ।
ਢਾਈ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ
ਜਦੋਂ ਕੋਈ ਅਪਣਾ ਬੰਦਾ ਵੈਰੀ ਬਣ ਜਾਵੇ, ਉਦੋਂ ਉਸ ਨੂੰ ਸ਼ਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
ਢਿੱਡ ਭਰਿਆ ਤੇ ਕੰਮ ਸਰਿਆ
ਜਿਹੜੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨ। ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਢੋਲ ਵੱਜੇ ਢੱਮਕੇ ਵੱਜੇ, ਮੁੜਦੀ ਵਹੁਟੀ ਦੇ ਪੈਰ ਨਾ ਕੱਜੇ
ਜਦ ਕਿਸੇ ਨੂੰ ਕਿਸੇ ਬੁਰੀ ਆਦਤ ਤੋਂ ਹਟਾਉਣ ਲਈ ਸਮਝਾਉਣ ਬੁਝਾਉਣ ਦਾ ਸਾਰਾ ਟਿੱਲ ਲਾ ਲਈਏ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ।