ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ
ਜਦੋਂ ਕੋਈ ਕਿਸੇ ਕੋਲਂੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋਂ ਵਰਤਦੇ ਹਨ।
ਤੰਦ ਨਾ ਤਾਣੀ, ਜੁਲਾਹਿਆਂ ਨਾਲ ਡਾਂਗੋ-ਡਾਂਗੀ
ਖ਼ਿਆਲੀ ਪਲਾਅ ਪਕਾਉਣੇ।
ਤਾਏ ਦੀ ਧੀ ਚੱਲੀ, ਮੈ ਕਿਉਂ ਰਹਾਂ ਕੱਲੀ
ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹ ਅਖਾਣ ਵਰਤਦੇ ਹਨ।
ਤਾੜੀ ਇਕ ਹੱਥ ਨਾਲ ਨਹੀਂ ਵਜਦੀ
ਲੜਾਈ ਝਗੜਾ ਹਮੇਸ਼ਾਂ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ ਹੁੰਦਾ ਹੈ।
ਤਿੰਨਾਂ ‘ਚ ਨਾ ਤੇਰਾਂ ‘ਚ
ਜਦੋਂ ਕਿਸੇ ਦੀ ਕਿਸੇ ਪਾਸੇ ਪੁੱਛ ਗਿਛ ਨਾ ਹੋਵੇ।
ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ
ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਾਰਨਾ।
ਤੀਜਾ ਰਲਿਆ ਤਾ ਕੰਮ ਗਲਿਆ
ਇਹ ਵਹਿਮ ਹੈ ਕਿ ਜੇ ਤਿੰਨ ਜਣੇ ਰਲ ਕੇ ਕਿਸੇ ਕੰਮ ਜਾਣ ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਜਾਂ ਪੂਰਾ ਨਹੀਂ ਹੁੰਦਾ।
ਤੀਰ ਕਮਾਨੋਂ ਤੇ ਗੱਲ ਜ਼ਬਾਨੋ ਨਿਕਲੇ ਵਾਪਿਸ ਨਹੀਂ ਆਉਂਦੇ
ਹਮੇਸ਼ਾਂ ਸੋਚ ਵਿਚਾਰ ਕੇ ਗੱਲ ਕਰਨੀ ਜਾਂ ਬੋਲਣਾ ਚਾਹੀਦਾ ਹੈ।
ਤੁਰਤ ਦਾਨ ਮਹਾਂ ਪੁੰਨ; ਤੁਰਤ ਦਾਨ ਮਹਾਂ ਕਲਿਆਣ
ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।
ਤੇਹ (ਤ੍ਰੇਹ) ਲੱਗਣ ਤੇ ਖੂਹ ਨਹੀਂ ਪੁੱਟੀਦਾ
ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ।