ਧਾਗਾ ਲੰਮਾ, ਕਾਹਦਾ ਗੰਮਾ
ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ।
ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ
ਧੀ ਦੇ ਸਹੁਰੇ ਜਾਣ ਤੋਂ ਬਾਅਦ ਮਾਂ ਉਸ ਦਿੱਤੇ ਸੁੱਖਾਂ ਨੂੰ ਯਾਦ ਕਰਕੇ ਆਉਣ ਵਾਲੀ ਉਮਰ (ਬੁਢੇਪੇ) ਬਾਰੇ ਸੋਚਦੀ ਹੈ ਤਾਂ ਵਰਤਦੇ ਹਨ, ਜਦੋਂ ਧੀ ਦੇ ਸਹੁਰੇ ਜਾਣ ਬਾਅਦ ਮਾਂ ਨੂੰ ਘਰ ਦਾ ਸਾਰਾ ਕੰਮ-ਕਾਜ ਆਪ ਕਰਨਾ ਪੈਂਦਾ ਹੈ ਤਾਂ ਵਰਤਦੇ ਹਨ।
ਧੀਆਂ ਧੰਨ ਪਰਾਇਆ
ਧੀਆਂ ਪਰਾਈਆਂ ਹੁੰਦੀਆਂ ਹਨ। ਇਨ੍ਹਾਂ ਨੂੰ ਵਿਆਹ ਕੇ ਕਿਸੇ ਦੂਜੇ ਘਰ ਭੇਜ ਦਿੱਤਾ ਜਾਂਦਾ ਹੈ।
ਧੀਏ ਨੀ ਤੂੰ ਕੰਮ ਕਰ, ਨੂੰਹੇਂ ਨੀ ਤੂੰ ਕੰਨ ਕਰ
ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।
ਧੇਲਾ ਨਾ ਦੇਵੇ, ਪੌਲੀ ਦੇਵੇ
ਜਦ ਕੋਈ ਮੰਗਿਆਂ ਥੋੜ੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅੜਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।
ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ (ਗੁੰਦਾਈ)
ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਸੁਆਰਨ ਲਈ ਬਹੁਤਾ ਖਰਚ ਕਰਨਾ ਪਵੇ ।
ਧੋਤੇ ਮੂੰਹ ਚਪੇੜ ਪਈ
ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ
ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ, ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ ।
ਧੌਲਾ ਝਾਟਾ ਆਟਾ ਖਰਾਬ
ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।