ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ
ਜਦ ਕੋਈ ਬੰਦਾ ਸਾਰੀ ਉਮਰ ਮਾੜੇ ਕੰਮ ਕਰਦਾ ਤੇ ਪਾਪ ਕਮਾਉਂਦਾ ਰਿਹਾ ਹੋਵੇ, ਤੇ ਮਗਰੋਂ ਬੜਾ ਭਗਤ ਲੋਕ ਤੇ ਨੇਕ ਪੁਰਸ਼ ਬਣ-ਬਣ ਵਿਖਾਵੇ, ਤਾਂ ਕਹਿੰਦੇ ਹਨ।
ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ
ਜਿਹੜਾ ਪਹਿਲਾਂ ਢੇਰਾਂ ਮਾੜੇ ਕੰਮ ਕਰੇ, ਪਰ ਅਖ਼ੀਰ ਉੱਤੇ ਸੰਤ ਬਣਨ ਦਾ ਵਿਖਾਵਾ ਕਰੇ।
ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ
ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ।
ਨੌਕਰ ਬਣ ਕਮਾਓ, ਰਾਜਾ ਬਣਕੇ ਖਾਓ
ਮਿਹਨਤ ਨਾਲ ਕਮਾਉਗੇ ਤਾਂ ਐਸ਼ ਕਰੋਗੇ।
ਨੌਕਰਾਂ ਦੇ ਵੀ ਚਾਕਰ
ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ ਤਾਂ ਵਰਤਦੇ ਹਨ।
ਨੌਂ ਨਕਦ ਨਾ ਤੇਰਾਂ ਉਧਾਰ
ਉਧਾਰ ਮਹਿੰਗੀ ਚੀਜ਼ ਵੇਚੀ ਨਾਲੋਂ ਨਕਦ ਕੁਝ ਸਸਤੀ ਵੇਚੀ ਚੰਗੀ ਕਿਉਂਕਿ ਉਧਾਰ ਸਾਰਾ ਵੀ ਮਰ ਸਕਦਾ ਹੈ ।
ਨੌਂਵੀਂ ਰੂੰ ਤੇ ਤੇਰ੍ਹੀਂ ਕਪਾਹ
ਘਟੀਆ ਚੀਜ਼ ਮਹਿੰਗੀ ਤੇ ਵਧੀਆ ਸ਼ੈ ਸਸਤੀ।
ਨਾਲੇ ਮਾਸੀ ਨਾਲੇ ਚੂੰਢੀਆਂ
ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੇ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।
ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਪਿਆ ਟੱਡੇ
ਜਦ ਕੋਈ ਜਣਾ ਕਸੂਰ ਕਰ ਕੇ ਅੱਗੋਂ ਆਕੜੇ ਤਾਂ ਕਹਿੰਦੇ ਹਨ।
ਨੀਮ ਹਕੀਮ ਖ਼ਤਰਾ-ਏ-ਜਾਨ
ਨਾ ਤਜ਼ਰਬੇਕਾਰ ਜਾਂ ਬੇਇਲਮ ਬੰਦੇ ਪਾਸੋਂ ਕੁਝ ਵੀ ਲੈਣਾ/ ਹਾਸਿਲ ਕਰਨਾ ਖ਼ਤਰਨਾਕ ਹੋ ਸਕਦਾ ਹੈ।