ਨਾਈਆਂ ਸੁਣਿਆ ਗਰਾਈਆਂ ਸੁਣਿਆ
ਨਾਈ ਦੇ ਰਾਹੀਂ ਕੋਈ ਵੀ ਚੰਗੀ-ਮਾੜੀ ਗੱਲ ਬੜੀ ਜਲਦੀ ਫੈਲ ਜਾਂਦੀ ਹੈ।
ਨਾ ਆਏ ਦੀ ਖੁਸ਼ੀ ਨ ਗਏ ਦਾ ਗ਼ਮ
ਜਿਸ ਨੂੰ ਕਿਸੇ ਦੇ ਆਉਣ ਜਾਂ ਜਾਣ ਨਾਲ ਕੋਈ ਫ਼ਰਕ ਨਾ ਪਵੇ। ਮਸਤੀ ਵਿਚ ਰਹਿਣ ਵਾਲਾ ਮਨੁੱਖ, ਰੁਖਾ ਮਨੁੱਖ।
ਨਾਈਆਂ ਦੀ ਜੰਞ ਸੱਭੇ ਰਾਜੇ
ਜਦੋਂ ਕਿਸੇ ਟੋਲੀ ਵਿਚ ਸਾਰੇ ਬੰਦੇ ਜਿਹੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
ਨਾ ਹਾੜ੍ਹ ਸੁੱਕੇ ਨਾ ਸਾਉਣ ਹਰੇ
ਸਦਾ ਇਕੋ ਜਿਹੀ ਹਾਲਤ ਰਹਿਣੀ।
ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ
ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ।
ਨਾ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ
ਬਿਨਾ ਕਿਸੇ ਮਿਹਨਤ ਦੇ ਜਾਂ ਕੁਝ ਖਰਚਣ ਦੇ ਚੀਜ਼ ਪ੍ਰਾਪਤ ਹੋ ਜਾਵੇ, ਤਾਂ ਵਰਤਦੇ ਹਨ।
ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ
ਨਾਲੇ ਪੁੰਨ ਨਾਲੇ ਫਲੀਆਂ; ਕਿਸੇ ਇਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫ਼ਤੋ-ਮੁਫ਼ਤੀ ਹੋ ਜਾਣਾ।
ਨਾ ਕੰਮ ਦਾ ਨਾ ਕਾਜ ਦਾ ਦੁਸ਼ਮਨ ਅਨਾਜ ਦਾ
ਵਿਹਲੇ ਮਨੁੱਖ ਲਈ ਵਰਤਿਆ ਜਾਂਦਾ ਹੈ।
ਨਾਲੇ ਚੋਪੜੀਆਂ ਨਾਲੇ ਦੋ ਦੋ
ਜਿਹੜਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।
ਨਾ ਘਰ ਦਾ ਨਾ ਬਾਹਰ ਦਾ
ਜਿਹੜਾ ਬੰਦਾ ਬਹੁਤੀਆਂ ਚਲਾਕੀਆਂ ਕਾਰਨ ਕਿਸੇ ਪਾਸੇ ਦਾ ਨਹੀਂ ਰਹਿੰਦਾ ਉਸ ਲਈ ਵਰਤਦੇ ਹਨ।