ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ
ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ, ਮਿਹਨਤ ਬਹੁਤ ਸਾਰੀ ਤੇ ਫਲ ਕੁਝ ਵੀ ਨਾ।
ਪਰਾਏ ਮੰਡੇ, ਅੰਮਾਂ ਦਾਤੀ
ਜਦੋਂ ਚੀਜ਼ ਕਿਸੇ ਹੋਰ ਦੀ ਹੋਵੇ, ਪਰ ਉਹਨੂੰ ਵੰਡਣ ਵਾਲਾ ਆਕੜਿਆ ਫਿਰੇ।
ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ
ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ
ਜਦ ਕੋਈ ਅਸਲ ਵਿਚ ਮਾੜਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਨ ਬਣ-ਬਣ ਬਹੇ ਤੇ ਫੜ੍ਹਾਂ ਮਾਰੇ, ਤਾਂ ਕਹਿੰਦੇ ਹਨ।
ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ
ਮਾਂ ਅਤੇ ਭਰਾ ਦੀ ਮਹੱਤਤਾ ਦਾ ਸੰਕੇਤ ਹੈ।
ਪੱਗ ਵੇਚ ਕੇ ਘਿਓ ਨਹੀ ਖਾਈਦਾ
ਆਪਣਾ ਵਿੱਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ।
ਪੇਟ ਨਰਮ ਸਿਰ ਗਰਮ
ਚੰਗੀ ਸਿਹਤ ਦੀ ਨਿਸ਼ਾਨੀ ਦਾ ਸੰਕੇਤ।
ਪੱਤਣ ਮਲਾਹ ਨਾ ਛੇੜੀਏ ਹੱਟੀ ਤੇ ਕਰਾੜ (ਬੰਨੇ ਜੱਟ ਨਾ ਛੇੜੀਏ ਭੰਨ ਛੱਡੇ ਬੁਥਾੜ)
ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲੜਨਾ ਨਹੀਂ ਚਾਹੀਦਾ।
ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ (ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ)
ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ।
ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ
ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੀਆਂ ਵੱਡੀਆਂ ਸਕੀਮਾਂ ਬਣਾਵੇ ਤਾਂ ਵਰਤਦੇ ਹਨ।