ਪੈਸਾ ਸੋ ਜੋ ਹੋਵੇ ਗੰਠ, ਵਿੱਦਿਆ ਸੋ ਜੋ ਹੋਵੇ ਕੰਠ
ਪੈਸਾ ਬੋਝੇ ਵਿਚ ਤੇ ਵਿਦਿਆ ਯਾਦ ਹੋਵੇ ਤਾਂ ਹੀ ਚੰਗੇ ਹਨ।
ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ
ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੇ-ਵੱਡੇ ਸੁਪਨੇ ਵੇਖਣ ਲਗ ਜਾਵੇ ਤਾਂ ਵਰਤਦੇ ਹਨ।
ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ?
ਜਦ ਆਪਣਾ ਹੀ ਬੰਦਾ ਭੈੜਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ।
ਪੰਜਾਂ ਵਿਚ ਨਾ ਪੰਜਾਹ ਵਿਚ
ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿਚ ਨਾ ਗਿਣਿਆ ਜਾਵੇ ਜਾਂ ਉਸ ਦੀ ਕੋਈ ਮਹੱਤਤਾ ਨਾ ਹੋਵੇ।
ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ
ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਅੜਿਆ, ਤਾਂ ਕਹਿੰਦੇ ਹਨ।
ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ
ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।
ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ
ਬਚਪਨ ਵਿਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।
ਪੰਜੇ ਉਂਗਲਾਂ ਘਿਉ ਵਿਚ
ਜਦੋਂ ਕਿਸੇ ਮਨੁੱਖ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ ਓਦੋਂ ਵਰਤਦੇ ਹਨ।
ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ
ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ ।