ਬਿਗਾਨੀ ਦੰਮੀਂ ਸ਼ਾਹੂਕਾਰ
ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਮਾਣ ਕਰੇ ਤੇ ਆਕੜ ਵਿਖਾਵੇ ।
ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ
ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ ।
ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਜਿੰਨਾ ਚਿਰ ਉੱਦਮ ਨਾ ਕਰੀਏ, ਕਿਸੇ ਨੂੰ ਆਪਣੀ ਲੋੜ ਨਾ ਦੱਸੀਏ, ਕੋਈ ਲੋੜ ਪੂਰੀ ਨਹੀਂ ਹੋ ਸਕਦੀ।
ਬਿੱਲੀ ਦੁੱਧ ਦੀ ਰਾਖੀ
ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।
ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀ ਜੰਮਦਾ
ਜਿੱਥੇ ਲੁੱਟ ਪੁੱਟ ਕਰਨ ਵਾਲੇ ਹੋਣ, ਉੱਥੇ ਬਰਕਤ ਨਹੀਂ ਪੈਂਦੀ।
ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ
ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।
ਬੱਕਰੀ ਨੇ ਦੁੱਧ ਦਿੱਤਾ, ਪਰ ਮੀਂਗਣਾਂ ਪਾ ਕੇ
ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅੜੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।
ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ (ਸਾਡੀ ਬਿੱਲੀ ਸਾਨੂੰ ਹੀ ਮਿਆਉਂ)
ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।
ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ
ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
ਬਿੱਲੀ ਭਾਣੇ ਛਿੱਕਾ ਟੁੱਟਾ ਮੈ ਜਾਣਾ ਪਰਮੇਸਵਰ ਤੁੱਠਾ
ਕਿਸੇ ਦਾ ਨੁਕਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੌਕਾ ਮਿਲ ਜਾਣਾ।