ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ
ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢੜਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ।
ਬੂਰ ਦੇ ਲੱਡੂ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ
ਕੋਈ ਅਜਿਹੀ ਚੀਜ ਜੋ ਖਾਧੀ ਨਾ ਜਾ ਸਕੇ ਤੇ ਨਾ ਛੱਡੀ ਜਾ ਸਕੇ।
ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ
ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਪਸਿੰਦ ਕਰ ਦੇਣੀਆਂ ਠੀਕ ਨਹੀਂ।
ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ
ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।
ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ
ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ, ਇਹ ਸਭ ਠੀਕ ਨਹੀਂ ਹਨ।
ਬਹੁਤੀ ਗਈ ਥੋੜ੍ਹੀ ਰਹੀ
ਜਦੋਂ ਕੋਈ ਕੰਮ ਸ਼ੁਰੂ ਕੀਤਾ ਹੋਵੇ ਤਾਂ ਉਸ ਕੰਮ ਦੇ ਖ਼ਤਮ ਹੋਣ ਦਾ ਵਕਤ ਨਜ਼ਦੀਕ ਹੋਵੇ ਜਾਂ ਬੁਢਾਪਾ ਨਜ਼ਦੀਕ ਆਉਣ ਸਮੇਂ ਇਹ ਅਖ਼ਾਣ ਵਰਤਿਆ ਜਾਂਦਾ ਹੈ।
ਬਦ ਨਾਲੋਂ ਬਦਨਾਮ ਬੁਰਾ
ਬੁਰਾ ਕੰਮ ਕਰਨ ਨਾਲੋ ਝੂਠੀ ਊਜ ਲਗਣੀ ਜਿਆਦਾ ਬੁਰੀ ਹੁੰਦੀ ਹੈ।
ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ
ਘਟਨਾ ਪਿੱਛੋਂ ਤਾਂ ਸਾਰੇ ਹੀ ਸਿਆਣੇ ਹੋ ਜਾਂਦੇ ਹਨ।
ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ
ਜਦੋਂ ਇਕ ਜਣਾ ਤਾਂ ਬੜਾ ਔਖਾ ਹੋ ਕੇ, ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ।