ਭੈੜੇ ਭੈੜੇ ਯਾਰ ਮੇਰੀ ਫੱਤੋ ਦੇ
ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।
ਭਰੇ ਘਰਾਂ ਦਾ ਕੁੱਤਾ ਭੁੱਖਾ
ਜਦੋਂ ਕੋਈ ਅਮੀਰ ਘਰ ਦਾ ਵਿਅਕਤੀ ਕੋਈ ਘਟੀਆ ਕੰਮ ਕਰੇ ਤਾਂ ਵਰਤਦੇ ਹਨ।
ਭੈੜੀ ਗਾਂ ਦੇ ਭੈੜੇ ਵੱਛੇ
ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।
ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ
ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।
ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ
ਜਦ ਕਿਸੇ ਨੂੰ ਦੁਖ, ਭੀੜ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌੜਦਾ ਹੈ,ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।
ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ
ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?
ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ
ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ
ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
ਭਾਰਾ ਬੂਟਾ ਹਮੇਸ਼ਾਂ ਨੀਵਾਂ ਹੁੰਦਾ ਹੈ
ਗੁਣਵਾਨ ਬੰਦਾ ਸਦਾ ਨਿਵਿਆਂ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ।
ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ ( ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ)
ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ, ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।