ਮਾਂ ਨਾਲੋਂ ਹੇਜਲੀ, ਉਹ ਫੱਫੇ ਕੁੱਟਣ
ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ ਕਹਿੰਦੇ ਹਨ।
ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ
ਇਨਸਾਨ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਰੂਪ ‘ਚ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।
ਮਾਂ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ ਹੈ
ਹਰ ਮਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਮੰਦੇ ਗੁਣਾਂ ਦਾ ਪਤਾ ਹੁੰਦਾ ਹੈ।
ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ
ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
ਮਾਂ ਨੂੰ ਛੁਪਾਉ ਤੇ ਧੀ ਨੂੰ ਕੱਢੋ
ਜਦੋਂ ਮਾਂ ਤੇ ਧੀ ਦੀ ਸ਼ਕਲ ਤੇ ਸੁਭਾਅ ਮਿਲਦੇ ਹੋਣ।
ਮੈਂ ਵੀ ਰਾਣੀ, ਤੂੰ ਵੀ ਰਾਣੀ, ਤੇ ਕੌਣ ਭਰੇ ਪਾਣੀ ?
ਜਦ ਸੱਭੇ ਆਕੜ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ ਹੋਵੇ, ਤਾਂ ਕਹਿੰਦੇ ਹਨ।
ਮਾਂ-ਪਿਉ ਦੀਆਂ ਗਾਲ੍ਹਾਂ, ਦੁੱਧ ਘਿਉੁ ਦੀਆਂ ਨਾਲ਼ਾਂ
ਇਸ ਅਖ਼ਾਣ ਵਿਚ ਮਾਂ-ਪਿਉ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।
ਮੋਏ ਬਾਬੇ ਦੀਆਂ ਵੱਡੀਆਂ ਅੱਖਾਂ
ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ।
ਮਰਦਾ ਕੀ ਨਾ ਕਰਦਾ ?
ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।
ਮਾਂ-ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾ ਥੋੜ੍ਹਾ ਥੋੜ੍ਹਾ
ਧੀ ਦਾ ਸੁਭਾ ਮਾਂ ਦੇ ਸੁਭਾ ਉਪਰ ਤੇ ਪੁੱਤ ਦਾ ਸੁਭਾ ਪਿਉ ਦੇ ਸੁਭਾ ਵਰਗਾ ਹੁੰਦਾ ਹੈ।