ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ
ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।
ਮੀਆਂ ਜੋੜੇ ਫੱਕਾ ਫੱਕਾ, ਬੀਬੀ ਮਾਰੇ ਇੱਕੋ ਧੱਕਾ
ਮਰਦ ਕਿਰਸ ਕਰਕੇ ਜੋੜਨ ਵਾਲਾ ਪਰ ਵਹੁਟੀ ਫਜ਼ੂਲ ਖ਼ਰਚ ਕਰਨ ਵਾਲੀ ਹੋਵੇ।
ਮੰਤਰ ਨਾ ਜਾਣੇ ਠੂੰਹਿਆਂ, ਹੱਥ ਸੱਪੀਂ ਪਾਵੇ
ਜਦ ਕੋਈ ਆਪਣੀ ਵਿਤੋਂ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।
ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ?
ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚੜੀ ਹੋਣ, ਤਾਂ ਤੀਜੇ ਸੁਲ੍ਹਾ-ਕਰਾਊ ਦੀ ਲੋੜ ਨਹੀਂ ਹੁੰਦੀ, ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
ਮਾਸ ਦੀ ਰਾਖੀ ਬਿੱਲਾ
ਜਦੋਂ ਉਸ ਮਨੁੱਖ ਨੂੰ ਕੋਈ ਚੀਜ਼ ਦਿੱਤੀ ਜਾਵੇ ਜਿਸ ਪਾਸੋਂ ਵਾਪਸ ਮੁੜਨ ਦੀ ਉਮੀਦ ਨ ਹੋਵੇ, ਤਾਂ ਵਰਤਦੇ ਹਨ।
ਮੁਰਦਾ ਬੋਲੂ ਖੱਫਣ ਪਾੜੂ
ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇਹ ਅਖ਼ਾਣ ਵਰਤਦੇ ਹਨ।
ਮਾਨ ਨਾ ਮਾਨ ਮੈਂ ਤੇਰਾ ਮਹਿਮਾਨ
ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ ਵਰਤਦੇ ਹਨ।
ਮੁੱਦਈ ਸੁਸਤ, ਗਵਾਹ ਚੁਸਤ
ਜਿਸ ਦਾ ਕੰਮ ਹੋਵੇ, ਜਿਸ ਨੂੰ ਗੌਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ।
ਮਾਂ ਕੁਚੱਜੀ ਪੁੱਤਰਾਂ ਕੱਜੀ
ਜਦੋਂ ਕਿਸੇ ਨਲਾਇਕ ਜਾਂ ਬੇਚੱਜੀ ਮਾਂ ਦੇ ਪੁੱਤਰ ਸਿਆਣੇ ਨਿਕਲ ਜਾਂਦੇ ਹਨ ਤੇ ਮਾਂ ਦਾ ਸਾਰਾ ਧੋਣ ਧੋ ਦੇਂਦੇ ਹਨ ਤਾਂ ਵਰਤਦੇ ਹਨ।
ਮੂੰਹ ਚੂਹੀ ਢਿੱਡ ਖੂਹੀ
ਜਦੋਂ ਕੋਈ ਸਰੀਰਕ ਪੱਖੋਂ ਕਮਜ਼ੋਰ ਦਿਸਣ ਵਾਲਾ ਬੰਦਾ ਬਹੁਤੀ ਰੋਟੀ ਖਾਵੇ ਤਾਂ ਵਰਤਿਆ ਜਾਂਦਾ ਹੈ।