ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ, ਤੇ ਬੂਹੇ ਰੱਖਣੇ ਭੀੜੇ
ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਘੇਸ ਵੱਟੇ, ਉਸ ਬਾਰੇ ਕਹਿੰਦੇ ਹਨ।
ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ
ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿੱਟਰ ਬਹੇ ਤਾਂ ਕਹਿੰਦੇ ਹਨ।
ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ
ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏ। ਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਬਾਹੁੰਦੇ ਹਨ।
ਯਾਰਾਂ ਨਾਲ ਬਹਾਰਾਂ
ਜ਼ਿੰਦਗੀ ਜੀਉਣ ਦਾ ਸੁਆਦ ਜਾਂ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਸੱਜਣ-ਮਿੱਤਰ ਨਾਲ ਹੋਣ।