ਰੁਪਏ ਦੀ ਵਡਿਆਈ, ਆ ਬਹੁ ਭਾਈ
ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।
ਰੁੜ੍ਹਦਾ ਖ਼ਰਬੂਜਾ, ਪਿੱਤਰਾਂ ਦੇ ਨਮਿੱਤ
ਖ਼ਰਾਬ ਹੋਈ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਕਰਨਾ।
ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ
ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।
ਰੱਸੀ ਸੜ ਗਈ ਪਰ ਵਲ ਨਾ ਗਿਆ
ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।
ਰੱਖ ਪਤ, ਰਖਾ ਪਤ
ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।
ਰੱਖੇ ਰੱਬ ਤਾਂ ਮਾਰੇ ਕੌਣ
ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਰੱਜ ਨੂੰ ਚੱਜ
ਪੱਲੇ ਪੈਸੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖਰਚ ਕਰਨ ਦੀ ਜਾਚ ਆ ਜਾਂਦੀ ਹੈ।
ਰੱਬ ਨੇੜੇ ਕਿ ਘਸੁੰਨ ?
ਜੋਰਾਵਰ ਦਾ ਸੱਤੀਂ ਵੀਹੀਂ ਸੌ; ਜੋਰਾਵਰ ਬੰਦਾ ਮਾੜੇ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ।
ਰੱਬ ਬਣਾਈ ਜੋੜੀ ਇਕ ਅੰਨਾਂ ਇਕ ਕੋਹੜੀ
ਜਦੋਂ ਦੋ ਨਿਕੰਮੇ ਬੰਦਿਆਂ ਦਾ ਆਪਸ ‘ਚ ਮੇਲ ਹੋ ਜਾਵੇ ਤਾਂ ਵਰਤਦੇ ਹਨ।