ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ ( ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ)
ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋੜ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।
ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ
ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ
ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।
ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ (ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ)
ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।
ਲੜਨ ਫ਼ੌਜਾਂ ਨਾਂ ਸਰਦਾਰਾਂ ਦਾ
ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਓਦੋਂ ਵਰਤਿਆ ਜਾਂਦਾ ਹੈ।
ਲੰਮੀ ਜੀਭ ਤੇ ਛੇਤੀ ਮੌਤ
ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ
ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।
ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ
ਜਦ ਕੋਈ ਕੁਪੱਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।
ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ
ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।
ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ
ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।