ਵਿਆਹ ਹੋਇਆ ਮਾਨੇ ਦਾ, ਲੂਣ ਲਗਿਆ ਆਨੇ ਦਾ
ਜਦੋਂ ਕੋਈ ਗ਼ਰੀਬੀ ਕਾਰਨ ਵਿਆਹ ਤੇ ਬਹੁਤਾ ਖ਼ਰਚ ਨਾ ਸਕੇ ਤਾਹਨੇ ਵਜੋਂ ਇਹ ਅਖਾਣ ਵਰਤਦੇ ਹਨ।
ਵਿਹਲੀ ਜੱਟੀ ਉੱਨ ਵੇਲੇ, ਵਿਹਲੀ ਰੰਨ ਪਰਾਹੁਣਿਆਂ ਜੋਗੀ
ਜਦ ਕੋਈ ਜਣਾ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ
ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।
ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?
ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ ?
ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ
ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ।