ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ
ਸੁਖੀ ਤੇ ਖੁਸ਼ਹਾਲ ਨੂੰ ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ ।
ਸੋਚ ਕਰੇ ਸੋ ਸੁੱਘੜ ਨਰ, ਕਰ ਸੋਚੇ ਅਸਲ ਖਰ
ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ, ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ ‘ਜੇ’ ਹੱਥ ਨਹੀਂ ਆਉਂਦੀ।
ਸਾਈਆਂ ਕਿਤੇ ਵਧਾਈਆਂ ਕਿਤੇ
ਜਿਹੜਾ ਮਨੁੱਖ ਲਾਰੇ ਲੱਪੇ ਕਿਸੇ ਹੋਰ ਨਾਲ ਲਾਵੇ ਤੇ ਕੰਮ ਕਿਸੇ ਹੋਰ ਦਾ ਕਰੇ।
ਸੋਟਾ ਮਾਰਿਆਂ ਪਾਣੀ ਨਹੀਂ ਦੋ ਹੁੰਦੇ
ਇਹ ਦੱਸਣਾ ਕਿ ਸੱਜਣਾਂ ਮਿੱਤਰਾਂ ਤੇ ਸੰਬੰਧੀਆ ਵਿਚ ਵਿਰੋਧੀ ਵਲੋਂ ਭੁਲੇਖੇ ਪੈਦਾ ਕਰਨ ਨਾਲ ਵੀ ਉਨ੍ਹਾਂ ਦੇ ਸੰਬੰਧਾਂ ਵਿਚ ਕੋਈ ਫ਼ਰਕ ਨਹੀਂ ਪੈਂਦਾ।
ਸਾਈਂ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ
ਜੇ ਰੱਬ ਮਿਹਰਬਾਨ ਨਾ ਹੋਵੇ, ਤਾਂ ਸਾਰੇ ਬੰਦੇ ਹੀ ਦੁਸ਼ਮਣ ਹੋ ਜਾਂਦੇ ਹਨ ।
ਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ
ਸਪਸ਼ਟ ਹੈ ।
ਸਾਨੂੰ ਸੱਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ, ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ
ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ ।
ਸੌ ਸੁਨਿਆਰ ਦੀ, ਇਕ ਲੁਹਾਰ ਦੀ
ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ
ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋੜ੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ, ਤਾਂ ਇਹ ਥੋੜ੍ਹਾ ਨੁਕਸਾਨ ਖੁਸ਼ੀ ਨਾਲ ਝੱਲ ਲੈਣਾ ਚਾਹੀਦਾ ਹੈ।
ਸੌ ਹੱਥ ਰੱਸਾ ਸਿਰੇ ਤੇ ਗੰਢ
ਕੁਝ ਵੀ ਕਰੋ ਕਿਸੇ ਵੀ ਗੱਲ ਦਾ ਨਤੀਜਾ ਓਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ ।