ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ
ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ, ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ ।
ਸੱਪ ਦਾ ਬੱਚਾ ਸਪੋਲੀਆ
ਮੰਦੇ ਤੇ ਭੈੜੇ ਬੰਦਿਆਂ ਦੀ ਉਲਾਦ ਵੀ ਉਨ੍ਹਾਂ ਵਰਗੀ ਹੀ ਮਾੜੀ ਹੀ ਹੁੰਦੀ ਹੈ।
ਸਿਰੋਂ ਗੰਜੀ ਕੰਘੀਆਂ ਦਾ ਜੋੜਾ
ਲੋੜ ਤੋਂ ਵੱਧ ਚੀਜ਼ਾਂ ਰੱਖਣ ਵਾਲੇ ਲਈ ਕਿਹਾ ਜਾਂਦਾ ਹੈ ।
ਸੱਪ ਨੂੰ ਸੱਪ ਲੜੇ, ਤੇ ਵਿਹੁ ਕੀਹਨੂੰ ਚੜ੍ਹੇ ?
ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲੜਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
ਸਿਰਹਾਂਦੀ ਸੌਂ, ਪਵਾਂਦੀ ਸੌਂ, ਲੱਕ ਵਿਚਕਾਰ ਈ
ਭਾਵੇਂ ਕਿੰਨੇ ਵੀ ਹੇਰ-ਫੇਰ ਜਾਂ ਯਤਨ ਕਰੋ, ਨਤੀਜਾ ਤਾਂ ਇੱਕੋ ਹੀ ਰਹਿਣਾ ਹੈ ।
ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ
ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿਕੰਮ ਵੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ।
ਸੁੱਕੀ ਨਾਲ ਗਿੱਲੀ ਵੀ ਬਲ ਜਾਂਦੀ ਹੈ
ਚੰਗੇ ਬੰਦੇ ਦਾ ਅਸਰ ਬੁਰੇ ਨੂੰ ਵੀ ਤਾਰ ਦੇਂਦਾ ਹੈ।
ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ
ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।
ਸੁਣੋ ਸਾਰਿਆਂ ਦੀ ਕਰੋ ਦਿਲ ਦੀ
ਸਭ ਦੀ ਰਾਏ ਲੈਣ ਤੋਂ ਬਾਅਦ ਫੈਸਲਾ ਆਪਣੇ ਦਿਮਾਗ਼ ਨਾਲ ਲਓ।
ਸੱਭੇ ਭੇਡਾਂ ਮੂੰਹ ਕਾਲੀਆਂ
ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈੜੇ ਹਨ।