ਇਕ ਦਰ ਬੰਦ ਸੌ ਦਰ ਖੁੱਲ੍ਹੇ
ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ ਚਾਹੀਦਾ ।
ਇੱਲਾਂ ਦੇ ਆਲ੍ਹਣਿਓਂ ਮਾਸ ਦੀਆਂ ਮੁਰਾਦਾਂ
ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
ਇਸ ਹੱਥ ਦੇ ਉਸ ਹੱਥ ਲੈ
ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ ।
ਇਕ ਨਿੰਬੂ ਪਿੰਡ ਭੁੱਖਿਆਂ ਦਾ
ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
ਈਸਬਗੋਲ ਕੁਝ ਨਾ ਫੋਲ
ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱਚ ਨੁਕਸ ਤੇ ਬੁਰਾਈਆਂ ਦਿੱਸਣ ਲੱਗ ਪੈਂਦੀਆਂ ਹਨ ।
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਇਸ਼ਕ ਵਿੱਚ ਆਦਮੀ ਤਬਾਹ ਹੋ ਜਾਂਦਾ ਹੈ ।
ਇਕ ਨੂੰ ਪਾਣੀ ਇਕ ਨੂੰ ਪਿੱਛ
ਜਦੋਂ ਕੋਈ ਮਨੁੱਖ ਕੋਈ ਵਸਤੂ ਵੰਡਣ ਲਗਿਆਂ ਜਾਂ ਵਿਵਹਾਰ ਕਰਨ ਲਗਿਆਂ ਵਿਤਕਰਾ ਕਰੇ ।
ਈਦੋਂ ਬਾਦ ਤੰਬਾ ਫੂਕਣਾ ਏਂ
ਲੋੜ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ।
ਇਸ਼ਕ ਪ੍ਰਹੇਜ਼ ਮੁਹੰਮਦ ਬਖ਼ਸ਼ਾ ਕਦੇ ਨਹੀਂ ਰਲ ਬਹਿੰਦੇ
ਪਿਆਰ-ਮੁਹੱਬਤ ਵਿੱਚ ਸੰਗ-ਸੰਕੋਚ ਦਾ ਕੋਈ ਸਥਾਨ ਨਹੀਂ ਹੁੰਦਾ।
ਇਕ ਪਰਹੇਜ਼ ਤੇ ਸੌ ਹਕੀਮ
ਜਿਹੜਾ ਬੰਦਾ ਖਾਣ-ਪੀਣ ਵਿਚ ਪ੍ਰਹੇਜ਼ ਕਰਦਾ ਹੈ, ਉਸ ਨੂੰ ਹਕੀਮਾਂ ਦੀ ਲੋੜ ਨਹੀਂ ਪੈਂਦੀ।