ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ
ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ।
ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ
ਕਰ ਮਜੂਰੀ ਤੇ ਖਾ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।
ਕੁੱਬੇ ਦੇ ਲੱਤ ਰਾਸ ਆਉਣੀ
ਜਦੋਂ ਆਪਣੇ ਵਲੋਂ ਕਿਸੇ ਦਾ ਨੁਕਸਾਨ ਕੀਤਾ ਜਾਵੇ ਪਰ ਉਸਨੂੰ ਲਾਭ ਹੋ ਜਾਵੇ।
ਖਾਧਿਆਂ ਖ਼ੂਹ ਵੀ ਖਾਲੀ ਹੋ ਜਾਂਦੇ ਨੇ
ਵਿਹਲੇ ਬਹਿ ਕੇ ਖਾਣ ਨਾਲ ਤਾਂ ਜੋੜਿਆ ਧੰਨ ਵੀ ਮੁੱਕ ਜਾਂਦਾ ਹੈ।
ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ
ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੋਣ
ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ ।
ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ
ਗ਼ਰੀਬ ਤੇ ਸ਼ਰੀਫ਼ ਨੂੰ ਹਰ ਕੋਈ ਦਬਾਣ ਦੀ ਕੋਸ਼ਿਸ਼ ਕਰਦਾ ਹੈ।
ਖਾਲੀ ਸੰਖ ਵਜਾਵੇ ਦੀਪਾ
ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ।
ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ; ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ
ਕਿਸੇ ਦੇ ਸਿਰ ਠਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੇ, ਤਾਂ ਉਹਨੂੰ ਖੂਬ ਮਿਰਚਾਂ ਲੱਗਣ।
ਘਰ ਸਭ ਤੋਂ ਉੱਤਮ ਪੂਰਬ ਭਾਵੇਂ ਪੱਛਮ
ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ; ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।