ਇਸ ਹਮਾਮ ਵਿਚ ਸਾਰੇ ਨੰਗੇ ਹਨ
ਇਸ ਸੰਸਥਾ ਜਾਂ ਸਮਾਜ ਦੇ ਸਾਰੇ ਲੋਕੀ ਹੀ ਭੈੜੇ ਹਨ ।
ਇਕ ਪੰਥ ਦੋ ਕਾਜ
ਜਦੋਂ ਕੋਈ ਇੱਕ ਖ਼ਾਸ ਕੰਮ ਕੀਤਿਆਂ ਕੋਈ ਦੂਜਾ ਕੰਮ ਨਾਲ ਹੀ ਬਿਨਾਂ ਹੋਰ ਖੇਚਲ ਤੇ ਖਰਚ ਦੇ ਹੋ ਜਾਵੇ ।
ਸਹਿਜ ਪੱਕੇ ਸੋ ਮਿੱਠਾ
ਠਰੰਮ੍ਹੇ ਨਾਲ ਕੰਮ ਕਰਨ ਨਾਲ ਕੰਮ ਸਹੀ ਹੋ ਜਾਂਦਾ ਹੈ ।
ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ
ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।
ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ
ਜਦੋਂ ਕਿਸੇ ਨੂੰ ਕੋਈ ਗੱਲ ਅਸਿੱਧੇ ਰੂਪ ‘ਚ ਕਹੀ ਜਾਵੇ।
ਆਪਣਾ ਕੰਮ ਕੱਢਣ ਵਾਸਤੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ
ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।
ਆਪਣੀ ਲਸੀ ਨੂੰ ਕੋਈ ਖੱਟੀ ਨਹੀਂ ਆਖਦਾ
ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱਸਦਾ।
ਆਟਾ ਗੁੰਨ੍ਹਦੀ ਹਿਲਦੀ ਕਿਉਂ ਏ
ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਅਖਾਣ ਵਰਤਿਆ ਜਾਦਾ ਹੈ।
ਆਪਣਾ ਖ਼ੂਨ ਬੋਲਣੋਂ ਨਹੀਂ ਰਹਿੰਦਾ
ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋਣ ਆਪਣੇ ਸਾਕ ਸੰਬੰਧੀ ਸਦਾ ਹਮਦਰਦੀ ਕਰਦੇ ਹਨ।
ਆਪਣੀਆਂ ਜੁੱਤੀਆਂ ਤੇ ਆਪਣਾ ਸਿਰ
ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ ।