ਰੁਪਏ ਦੀ ਵਡਿਆਈ, ਆ ਬਹੁ ਭਾਈ
ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।
ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ?
ਜਿਹੜਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।
ਵਿਹਲੀ ਜੱਟੀ ਉੱਨ ਵੇਲੇ, ਵਿਹਲੀ ਰੰਨ ਪਰਾਹੁਣਿਆਂ ਜੋਗੀ
ਜਦ ਕੋਈ ਜਣਾ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
ਰੁੜ੍ਹਦਾ ਖ਼ਰਬੂਜਾ, ਪਿੱਤਰਾਂ ਦੇ ਨਮਿੱਤ
ਖ਼ਰਾਬ ਹੋਈ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਕਰਨਾ।
ਲੈਣਾ ਇਕ ਨਾ ਦੇਣੇ ਦੋ
ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।
ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ
ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।
ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
ਲੋਹੇ ਨੂੰ ਲੋਹਾ ਕੱਟਦਾ ਹੈ
ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?
ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ ?
ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ
ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।