ਬੁਰਾ ਹਾਲ ਤੇ ਬਾਂਕੇ ਦਿਹਾੜੇ
ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਦੋਂ ਵਰਤਦੇ ਹਨ।
ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ
ਜਦ ਕੋਈ ਕਿਸੇ ਸ਼ੈ ਲਈ ਅਜੇਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁੜ ਘਿੜ ਉਸੇ ਸ਼ੈ ਦਾ ਝੋਣਾ ਝੋ ਬਹੇ, ਤਾਂ ਕਹਿੰਦੇ ਹਨ।
ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ
ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢੜਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ।
ਬੂਰ ਦੇ ਲੱਡੂ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ
ਕੋਈ ਅਜਿਹੀ ਚੀਜ ਜੋ ਖਾਧੀ ਨਾ ਜਾ ਸਕੇ ਤੇ ਨਾ ਛੱਡੀ ਜਾ ਸਕੇ।
ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ
ਜਦ ਕਿਸੇ ਗਰੀਬ, ਥੁੜ੍ਹੇ ਹੋਏ ਬੰਦੇ ਨੂੰ ਕੋਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤੇ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ
ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਪਸਿੰਦ ਕਰ ਦੇਣੀਆਂ ਠੀਕ ਨਹੀਂ।
ਭਜਦਿਆਂ ਨੂੰ ਵਾਹਣ ਇਕੋ ਜਿਹਾ
ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।
ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ
ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ ।
ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ
ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।
ਭਰਾ ਭਰਾਵਾਂ ਦੇ, ਚਿੱਚੜ ਕਾਵਾਂ ਦੇ
ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।