ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ (ਸਾਡੀ ਬਿੱਲੀ ਸਾਨੂੰ ਹੀ ਮਿਆਉਂ)
ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।
ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ
ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?
ਮਨ ਜੀਤੇ ਜਗ ਜੀਤ
ਜਿਹੜਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮੈਦਾਨੇ ਜੈ ਹੁੰਦੀ ਹੈ।
ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ
ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
ਬਿੱਲੀ ਭਾਣੇ ਛਿੱਕਾ ਟੁੱਟਾ ਮੈ ਜਾਣਾ ਪਰਮੇਸਵਰ ਤੁੱਠਾ
ਕਿਸੇ ਦਾ ਨੁਕਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੌਕਾ ਮਿਲ ਜਾਣਾ।
ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ
ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ
ਜਿਹੜਾ ਪਹਿਲਾਂ ਢੇਰਾਂ ਮਾੜੇ ਕੰਮ ਕਰੇ, ਪਰ ਅਖ਼ੀਰ ਉੱਤੇ ਸੰਤ ਬਣਨ ਦਾ ਵਿਖਾਵਾ ਕਰੇ।
ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ
ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੇ-ਵੱਡੇ ਸੁਪਨੇ ਵੇਖਣ ਲਗ ਜਾਵੇ ਤਾਂ ਵਰਤਦੇ ਹਨ।
ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼ ?
ਜਦ ਆਪਣਾ ਹੀ ਬੰਦਾ ਭੈੜਾ ਹੋਵੇ, ਤੇ ਉਸ ਕਾਰਨ ਆਪਣਾ ਕਾਰਜ ਨਾ ਸਰ ਸਕੇ, ਤਾਂ ਕੰਮ ਨਾ ਸਾਰਨ ਵਾਲਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੁੰਦਾ।
ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ
ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ।