ਪਾਪ ਦਾ ਬੇੜਾ ਭਰ ਕੇ ਡੁੱਬਦਾ ਹੈ
ਬੁਰੇ ਕੰਮ ਕਰਨ ਵਾਲੇ ਦੀ ਅੱਤ ਉਸ ਨੂੰ ਤਬਾਹ ਕਰ ਦਿੰਦੀ ਹੈ।
ਫੱਫੇ ਕੁੱਟਣ ਲੱਗੀ ਲੁੱਟਣ
ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ।
ਪਏ ਭੈੜਿਆਂ ਦੇ ਪੈਰ ਉਜੜ ਗਏ ਸ਼ਹਿਰ
ਜਦੋਂ ਕਿਸੇ ਮਨੁੱਖ ਕਾਰਨ ਕੋਈ ਬਣਦਾ ਕੰਮ ਬਿਗੜ ਜਾਏ ਤਾਂ ਵਰਤਿਆਂ ਜਾਂਦਾ ਹੈ।
ਪਿਉ ਨਾ ਮਾਰੀ ਪਿੱਦੀ ਪੁੱਤਰ ਤੀਰ ਅੰਦਾਜ਼
ਜਦੋਂ ਕੋਈ ਬੰਦਾ ਆਪਣੇ ਪਿਛੋਕੜ ਨੂੰ ਭੁੱਲ ਕੇ ਸ਼ੇਖੀਆਂ ਮਾਰੇ ਤਾਂ ਇਹ ਅਖਾਣ ਵਰਤਦੇ ਹਨ।
ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ
ਜਿਹੜੀ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ਛੱਡ ਕੇ ਅਜੇਹੀ ਸ਼ੈ ਦੇ ਮਗਰ ਪੈਣਾ ਜਿਸ ਦੀ ਪਰਾਪਤੀ ਸੌਖੀ ਜਾਂ ਯਕੀਨੀ ਨਾ ਹੋਵੇ, ਮੂਰਖਾਂ ਦਾ ਕੰਮ ਹੈ।
ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਪਾਟਦਾ ਹੈ
ਅਪਣੇ ਨਾਲੋਂ ਤਕੜੇ ਨਾਲ ਮੱਥਾ ਡਾਹਿਆਂ ਆਪਣਾ ਹੀ ਨੁਕਸਾਨ ਹੁੰਦਾ ਹੈ।
ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ਤੇ
ਜਿਹੜਾ ਬੰਦਾ ਔਖੇ ਵੇਲੇ ਕੰਮ ਨਾ ਆਵੇ ਤੇ ਪਰ੍ਹਾਂ ਹੋ ਬੈਠੇ, ਉਸ ਤੇ ਘਟਾਉਂਦੇ ਹਨ।
ਫੂਹੀ-ਫੂਹੀ ਤਲਾ ਭਰ ਜਾਂਦਾ ਹੈ
ਜੇ ਥੋੜ੍ਹੀ ਥੋੜ੍ਹੀ ਸ਼ੈ ਲਗਾਤਾਰ ਜੋੜੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ।
ਪਰ-ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ
ਕਾਰ ਵਿਹਾਰ ਵਿਚ ਸਫਲਤਾ ਤਾਂ ਹੀ ਹੋ ਸਕਦੀ ਹੈ ਜੇ ਬੰਦਾ ਆਪ ਸਿਰ ਹੋ ਕੇ ਕੰਮ ਕਰਾਵੇ।
ਪਿੰਡ ਬੱਝਾ ਨਹੀਂ, ਉੱਚਕੇ ਅੱਗੋਂ ਹੀ ਤਿਆਰ
ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ ।